ਅਣਖ ਲਈ ਕਤਲ ਦੇ ਕੇਸ ਵਿੱਚ ਛੇ ਜਣਿਆਂ ਨੂੰ ਉਮਰ ਕੈਦ

life-imprisonment
ਹੁਸ਼ਿਆਰਪੁਰ, 30 ਅਕਤੂਬਰ (ਪੋਸਟ ਬਿਊਰੋ)- ਵਧੀਕ ਸੈਸ਼ਨ ਜੱਜ ਬੀ ਐੱਸ ਦਿਓਲ ਦੀ ਅਦਾਲਤ ਨੇ ਅਣਖ ਦੇ ਨਾਂਅ ਉੱਤੇ ਕਤਲ ਦੇ ਕੇਸ ਦੀ ਸੁਣਾਈ ਵਿੱਚ ਦੋਸ਼ੀ ਪਾਏ ਗਏ ਛੇ ਜਣਿਆਂ ਨੂੰ ਉਮਰ ਕੈਦ ਦੀ ਸਜ਼ਾ ਦਿੱਤੀ ਹੈ।
ਥਾਣਾ ਚੱਬੇਵਾਲ ਦੇ ਪਿੰਡ ਮੁੱਗੋਵਾਲ ਦੇ ਨੌਜਵਾਨ ਸੰਦੀਪ ਕੁਮਾਰ ਉਰਫ ਸੋਨੀ ਪੁੱਤਰ ਪ੍ਰਕਾਸ਼ ਚੰਦ ਨੇ ਆਪਣੇ ਗਵਾਂਢ ਵਿੱਚ ਰਹਿੰਦੀ ਲੜਕੀ ਖੁਸ਼ਬੂ ਪੁੱਤਰੀ ਸੋਢੀ ਰਾਮ ਨਾਲ ਪ੍ਰੇਮ ਵਿਆਹ ਕੀਤਾ ਤਾਂ ਇਸ ਉੱਤੇ ਦੋਵਾਂ ਨੂੰ ਕਤਲ ਕਰ ਦਿੱਤਾ ਸੀ। ਅਦਾਲਤ ਨੇ ਸੋਢੀ ਰਾਮ ਪੁੱਤਰ ਪਿਆਰਾ ਰਾਮ, ਭੁਪਿੰਦਰ ਪਾਲ ਪੁੱਤਰ ਸੋਢੀ ਰਾਮ, ਅਵਿਨਾਸ ਚੰਦਰ ਪੁੱਤਰ ਹਿੰਮਤ ਰਾਜ ਪਿੰਡ ਮੁੱਗੋਵਾਲ, ਸਰਬਜੀਤ ਸਿੰਘ ਪੁੱਤਰ ਧਰਮ ਸਿੰਘ ਵਾਸੀ ਅਜਨੋਹਾ, ਸੰਦੀਪ ਕੁਮਾਰ ਉਰਫ ਸੀਪਾ ਪੁੱਤਰ ਜਸਵਿੰਦਰਪਾਲ ਪਿੰਡ ਗੁਜਰਾਤ, ਥਾਣਾ ਰਾਵਲਪਿੰਡੀ ਜ਼ਿਲ੍ਹਾ ਕਪੂਰਥਲਾ ਅਤੇ ਅਮਰਜੀਤ ਸਿੰਘ ਪੁੱਤਰ ਕੇਵਲ ਸਿੰਘ ਪਿੰਡ ਪੰਜੌੜਾ ਨੂੰ ਧਾਰਾ 302 ਹੇਠ ਉਮਰ ਕੈਦ ਤੇ 25-25 ਹਜ਼ਾਰ ਰੁਪਏ ਜੁਰਮਾਨਾ, ਧਾਰਾ 326 ਹੇਠ ਸੱਤ-ਸੱਤ ਸਾਲ ਕੈਦ ਅਤੇ 10-10 ਹਜ਼ਾਰ ਰੁਪਏ ਜੁਰਮਾਨਾ, ਧਾਰਾ 452 ਹੇਠ ਪੰਜ-ਪੰਜ ਸਾਲ ਕੈਦ ਅਤੇ ਪੰਜ-ਪੰਜ ਹਜ਼ਾਰ ਰੁਪਏ ਜੁਰਮਾਨਾ, ਧਾਰਾ 506 ਅਤੇ ਧਾਰਾ 148 ਹੇਠ ਦੋ-ਦੋ ਸਾਲ ਕੈਦ ਅਤੇ ਪੰਜ-ਪੰਜ ਹਜ਼ਾਰ ਜੁਰਮਾਨੇ ਦੇ ਹੁਕਮ ਸੁਣਾਏ। ਇਹ ਸਾਰੀਆਂ ਸਜ਼ਾਵਾਂ ਨਾਲੋ-ਨਾਲ ਚੱਲਣਗੀਆਂ। ਅਦਾਲਤ ਨੇ ਤਿੰਨ ਦੋਸ਼ੀਆਂ ਜੁਝਾਰ ਸਿੰਘ ਪੁੱਤਰ ਤਰਲੋਚਨ ਸਿੰਘ ਵਾਸੀ ਨਡਾਲੋਂ, ਭੁਪਿੰਦਰ ਸਿੰਘ ਪੁੱਤਰ ਅਜੀਤ ਸਿੰਘ ਅਤੇ ਸ਼ਸ਼ੀ ਪਰਮਾਰ ਪੁੱਤਰ ਇੰਦਰਜੀਤ ਸਿੰਘ ਵਾਸੀ ਪੰਜੌੜਾ ਨੂੰ ਸਬੂਤਾਂ ਤੇ ਗਵਾਹਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ ਹੈ। ਕੇਸ ਦੇ ਦੋ ਹੋਰ ਦੋਸ਼ੀਆਂ ਗੁਰਜੀਤ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਨਡਾਲੋਂ ਅਤੇ ਮੁਲਖ ਰਾਜ ਪੁੱਤਰ ਪਿਆਰਾ ਰਾਮ ਵਾਸੀ ਮੁੱਗੋਵਾਲ ਨੂੰ ਫਰਾਰ ਹੋਣ ਕਾਰਨ ਅਦਾਲਤ ਵੱਲੋਂ ਭਗੌੜਾ ਕਰਾਰ ਦੇ ਦਿੱਤਾ ਹੈ।