ਅਣਖ ਖਾਤਰ ਕਤਲ: ਨਕਸਲੀਆਂ ਦੀ ਮਦਦ ਨਾਲ ਪ੍ਰੇਮੀ ਜੋੜੇ ਸਮੇਤ ਤਿੰਨ ਦੀ ਹੱਤਿਆ

uonr killingਮੋਦੀਨਗਰ, 1 ਅਪ੍ਰੈਲ (ਪੋਸਟ ਬਿਊਰੋ) : ਪ੍ਰੇਮੀ ਜੋੜੇ ਦੇ ਅਦਾਲਤ ਵਿਚ ਵਿਆਹ ਕਰਨ ਤੋਂ ਨਾਰਾਜ਼ ਲੜਕੀ ਦੇ ਪਰਿਵਾਰ ਨੇ ਨਕਸਲੀਆਂ ਦੀ ਮਦਦ ਨਾਲ ਆਨਰ ਕਿਲਿੰਗ ਦੀ ਘਟਨਾ ਨੂੰ ਅੰਜਾਮ ਦਿਤਾ। ਝਾਰਖੰਡ ਦੇ ਪਲਾਮੂ ਜਿ਼ਲ੍ਹੇ ਦੇ ਪਾਟਨ ਥਾਣਾ ਖੇਤਰ ਵਿਚ ਨਾਗੇਸ਼ਵਰ ਪਿੰਡ ਵਿਚ ਸੋਮਵਾਰ ਦੀ ਰਾਤ ਨੂੰ ਇਸ ਘਟਨਾ ਵਿਚ ਪ੍ਰੇਮੀ ਜੋੜੇ ਤੇ ਲੜਕੇ ਦੀ ਮਾਂ ਨੂੰ ਕੁਲ੍ਹਾੜੀ ਨਾਲ ਕੱਟ ਦਿਤਾ। ਉਸ ਸਮੇਂ ਲੜਕੇ ਦਾ ਪਿਤਾ ਜਾਨ ਬਚਾ ਕੇ ਭੱਜ ਨਿਕਲਿਆ। ਹੱਤਿਆ ਤੋਂ ਬਾਅਦ ਲਾਸ਼ਾਂ ਨੂੰ ਸਦਬਹ ਨਦੀ ਦੇ ਕਿਨਾਰੇ ਸੁੱਟ ਦਿਤਾ। ਪੁਲਿਸ ਨੇ ਲੜਕੀ ਦੇ ਪਿਤਾ ਸਮੇਤ 9 ਜਣਿਆਂ ‘ਤੇ ਮਾਮਲਾ ਦਰਜ ਕਰਕੇ 2 ਨੂੰ ਕਾਬੂ ਕਰ ਲਿਆ ਹੈ। ਪੁਲਿਸ ਨੇ ਦੱਸਿਆ ਮਾਮਲਾ ਆਨਰ ਕਿਲਿੰਗ ਦਾ ਹੈ ਜਿਸ ਵਿਚ ਨਕਸਲੀਆਂ ਦੇ ਸ਼ਾਮਲ ਹੋਣ ਦਾ ਸ਼ੱਕ ਹੈ। ਚੁਨਮੁਨ ਰਾਮ ਤੇ ਸੋਨਾਕਸ਼ੀ ਅਪ੍ਰੈਲ 2014 ਵਿਚ ਘਰੋਂ ਭੱਜ ਗਏ ਸਨ। ਉਸ ਸਮੇਂ ਲੜਕੀ ਦੇ ਪਿਤਾ ਨੇ ਅਗਵਾਹ ਕਰਨ ਦਾ ਮਾਮਲਾ ਦਰਜ ਕਰਵਾਇਆ ਸੀ ਤੇ ਲੜਕੇ ਦੀ ਮਾਂ ਤੇ ਪਿਤਾ ਨੂੰ ਜੇਲ ਭੇਜ ਦਿਤਾ ਸੀ। ਅਕਤੂਬਰ 2014 ਨੂੰ ਚੁਨਮੁਨ ਰਾਮ ਤੇ ਸੋਨਾਕਸ਼ੀ ਨੇ ਜੰਮੂ ਕਸ਼ਮੀਰ ਦੀ ਅਦਾਲਤ ਵਿਚ ਵਿਆਹ ਕਰ ਲਿਆ ਸੀ। ਨਵੰਬਰ ਵਿਚ ਉਹ ਵਾਪਸ ਆ ਗਏ ਤੇ ਇਥੇ ਹੀ ਰਹਿ ਰਹੇ ਸਨ।