ਲੇਖ

ਜ਼ਿੰਦਗੀ ਬੜੀ ਖ਼ੂਬਸੂਰਤ ਹੈ…

Life

ਜਿਉਣਾ ਤਾਂ ਚਾਹੁੰਦੇ ਹਾਂ ਪਰ ਕੋਈ ਜਿਉਣ ਹੀ ਨਹੀਂ ਦਿੰਦਾ । ਇਹ ਵਿਚਾਰ ਹਰ ਕਿਸੇ ਦੇ ਦਿਮਾਗ ‘ਚ ਕਦੀ ਨਾ ਕਦੀ ਜ਼ਰੂਰ ਹੀ ਉਪਜਿਆ ਹੋਵੇਗਾ। ਮਸਲਾ ਇਹ ਨਹੀਂ ਕਿ ਕੋਈ ਜਿਉਣ ਨਹੀਂ ਦਿੰਦਾ, ਸਗੋਂ ਅਸਲ ਮੁੱਦਾ ਤਾਂ ਇਹ ਹੈ ਕਿ ਅਸੀਂ ਜਿਉਣ ਦੀ ਕੋਸ਼ਿਸ਼ ਕਿੰਨੀ ਕਰਦੇ ਹਾਂ।
ਸਮਾਜਿਕ ਪ੍ਰਾਣੀ ਹੋਣ ਨਾਤੇ ਮਨੁੱਖ ਸਮਾਜਿਕ ਨਿਯਮਾਂ ਤੋਂ ਬੇਮੁੱਖ ਨਹੀਂ ਹੋ ਸਕਦਾ, ਪਰੰਤੂ ਨਿੱਜੀ ਜੀਵਨ ‘ਚ ਹਰ ਕੋਈ ਐਨਾ ਕੁ ਸੁਤੰਤਰ ਜ਼ਰੂਰ ਹੈ, ਜਿਸ ਨਾਲ ਆਪਣੇ ਨਿੱਜ ਲਈ ਵਿਸ਼ੇਸ਼ ਕਾਇਦੇ-ਕਾਨੂੰਨ ਮਿੱਥ ਕੇ ਸੌਖਿਆਂ ਹੀ ਨੀਰਸ ਹਾਲਾਤ ਨੂੰ ਰਮਣੀਕ ਬਣਾ ਸਕਦਾ ਹੈ।  ਸੌਖੇ ਹਾਲਾਤ ‘ਚ ਤਾਂ ਹਰ ਕੋਈ ਜ਼ਿੰਦਗੀ ਗੁਜ਼ਾਰ ਲੈਂਦਾ ਹੈ, ਜਿਉਣਾ ਤਦ ਹੀ ਆਨੰਦ ਦਿੰਦਾ ਹੈ, ਜਦੋਂ ਔਖੀਆਂ ਘੜੀਆਂ ‘ਚੋਂ ਖੁਸ਼ੀ ਦੇ ਪਲ ਚੁਰਾ ਲਏ ਜਾਣ, ਤੇ ਵੇਖਣ ਵਾਲਾ ਦੰਦਾਂ ਹੇਠ ਜੀਭ ਦੇ ਲਵੇ। ਜੀਵਨ ਨਾਯਾਬ ਤੋਹਫ਼ਾ ਹੈ, ਜਿਸ ਨੂੰ ਖ਼ੂਬਸੂਰਤੀ ਨਾਲ ਜਿਉਣਾ ਕਲਾ ਹੈ, ਹੁਨਰ ਹੈ। ਸੰਘਰਸ਼ ਜੀਵਨ ਦਾ ਸੋਲਾਂ ਆਨੇ ਖਰਾ ਸੱਚ ਹੈ, ਪਰ ਜ਼ਿੰਦਗੀ ਦਾ ਘੋਲ ਘੁਲਦਿਆਂ ਜੀਵਨ ਦੀ ਖ਼ੂਬਸੂਰਤੀ ਦਾ ਆਨੰਦ ਮਾਣਨਾ ਮਨੁੱਖ ਦਾ ਇਖ਼ਲਾਕੀ ਅਧਿਕਾਰ ਹੈ
ਇਛਾਵਾਂ, ਖ਼ਾਹਿਸ਼ਾਂ, ਸਫ਼ਨੇ, ਚਾਹਤਾਂ ਜੀਵਨ ਦੀਆਂ ਸੁਗੰਧੀਆਂ ਹਨ, ਜੋ ਆਪਾ ਮਹਿਕਾਉਣ ਦੇ ਨਾਲ-ਨਾਲ ਆਪਣੇ ਨਾਲ ਜੁੜੇ ਹੋਰ ਸਾਰਿਆਂ ਨੂੰ ਵੀ ਖ਼ੁਸ਼ਬੂਆਂ ਨਾਲ ਲਬਰੇਜ਼ ਕਰ ਦਿੰਦੇ ਹਨ। ਨੀਲੀ ਛੱਤਰੀ ਹੇਠ ਫੁੱਟਪਾਥ ‘ਤੇ ਬੈਠਾ ਫ਼ਕੀਰ ਆਲੇ-ਦੁਆਲੇ ਕੀ ਵਾਪਰ ਰਿਹਾ ਹੈ, ਤੋਂ ਅਚੇਤ ਹੋ ਕੇ ਮਦਮਸਤ ਬੰਸਰੀ ਵਜਾ ਕੇ ਆਨੰਦ ਵਿਭੋਰ ਹੋ ਜਾਂਦਾ ਹੈ, ਜਦੋਂ ਕਿ ਇੱਕ ਰਈਸਜ਼ਾਦਾ ਪੱਬ/ਬਾਰ ‘ਚ ਡਾਂਸ ਫਲੋਰ ‘ਤੇ ਨੱਚ ਕੇ ਵੀ ਆਨੰਦ ਦੇ ਅਸੀਮ ਅਨੁਭਵ ਤੱਕ ਨਹੀਂ ਪਹੁੰਚਦਾ।
ਤੜਕਸਾਰ ਅਖ਼ਬਾਰ ਚੁੱਕੋ। ਇੱਕਾ-ਦੁੱਕਾ ਨਵੀਆਂ ਖ਼ਬਰਾਂ ਨੂੰ ਛੱਡ ਕੇ ਰੋਜ਼ਾਨਾ ਸੁਰਖ਼ੀਆਂ ਦਾ ਦੁਹਰਾਅ ਪੜ੍ਹਨ ਨੂੰ ਮਿਲੇਗਾ। ਇੱਜ਼ਤ ਖਾਤਰ ਕਤਲ,ਆਰਥਿਕ ਮੰਦੀ ਤੋਂ ਤੰਗ ਆ ਕੇ ਪਰਿਵਾਰ ਨੂੰ ਮੌਤ ਦੇ ਘਾਟ ਉਤਾਰ ਕੇ ਕੀਤੀ ਖ਼ੁਦਕੁਸ਼ੀ, ਜਾਇਦਾਦ ਲਈ ਕਤਲ। ਸੋਚਣ ਵਾਲੀ ਗੱਲ ਹੈ, ਜਿਨ੍ਹਾਂ ਜਾਇਦਾਦਾਂ ਬਣਾਈਆਂ ਉਹ ਨਹੀਂ ਰਹੇ, ਤਾਂ ਕਤਲ ਕਰਨ  ਵਾਲਿਆਂ ਨੇ ਵੀ ਕਿਹੜਾ ਸਦੀਵੀ ਬੈਠੇ ਰਹਿਣਾ ਹੈ।
‘ਖ਼ੁਦਕੁਸ਼ੀ’ ਤੇ ‘ਖ਼ੁਦਖ਼ੁਸ਼ੀ’ ‘ਚ ਇੱਕ ਅੱਖਰ ਦਾ ਵਖਰੇਵਾਂ ਹੈ ਪਰ ਜ਼ਿੰਦਗੀ ਪ੍ਰਤੀ ਵੱਡੇ ਅਰਥਾਂ ਦੀ ਤਬਦੀਲੀ ਸਮਾਈ ਹੈ, ਦੋਹਾਂ ਸ਼ਬਦਾਂ ‘ਚ। ਖ਼ੁਦਕੁਸ਼ੀ ਭਾਵ ਆਤਮ-ਹੱਤਿਆ ਯਾਨੀ ਕਿ ਆਪਣੇ-ਆਪ ਨੂੰ ਮਾਰਨਾ, ਤੇ ਦੂਜਾ ਹੈ ਖ਼ੁਦਖ਼ੁਸ਼ੀ ਭਾਵ ਆਪਣੀ ਖ਼ੁਸ਼ੀ ਯਾਨੀ ਕਿ ਆਪਣੇ-ਆਪ ਨੂੰ ਖ਼ੁਸ਼ ਕਰਨਾ। ਦੋਵੇਂ ਹਾਲਾਤ  ਸ੍ਵੈ ‘ਚ ਸਮਾਏ ਹੋਏ ਹਨ  ਤੇ ਦੋਵਾਂ ਦੀ ਲਗਾਮ ਮਨੁੱਖ ਦੇ ਆਪਣੇ ਹੱਥ ਹੈ। ਆਪੇ ਨੂੰ ਮਾਰਨਾ ਤੇ ਆਪੇ ਨੂੰ ਖ਼ੁਸ਼ ਕਰਨਾ ਦੋਵੇਂ ਫ਼ੈਸਲੇ ਮਨੁੱਖ ਦੇ ਆਪਣੇ ਹੱਥ ਹੀ ਹੁੰਦੇ ਹਨ । ਖ਼ੁਦਕੁਸ਼ੀ ‘ਚੋਂ ਖ਼ੁਦਖ਼ੁਸ਼ੀ ਦੀ ਭਾਲ ਹੀ ਜੀਵਨ ਸੰਘਰਸ਼ ਹੈ। ਇਸ ਲਈ ਖ਼ੁਦ ਨੂੰ ਖ਼ੁਸ਼ ਕਰਨ ਦੀ ਇੱਛਾ ਸ਼ਕਤੀ ਪਾਲਣਾ ਬੇਹੱਦ ਜ਼ਰੂਰੀ ਹੈ। ਖ਼ੁਦਖ਼ੁਸ਼ ਤਾਂ ਚੌਗਿਰਦਾ ਖ਼ੁਸ਼। ਨਾਖ਼ੁਸ਼ ਵਿਅਕਤੀ ਦੂਜਿਆਂ ਨੂੰ ਖ਼ੁਸ਼ੀਆਂ ਦੇ ਖਜ਼ਾਨੇ ਨਹੀਂ ਵੰਡ ਸਕਦਾ।
ਹੱਥਾਂ ਨਾਲ ਦਿੱਤੀਆਂ ਗੰਢਾਂ ਦੰਦਾਂ ਨਾਲ ਖੋਲ੍ਹਣੀਆਂ ਪੈਂਦੀਆਂ ਹਨ, ਤੇ ਹੱਥੀਂ ਬੀਜੇ ਕੰਡੇ ਪਲਕਾਂ ਨਾਲ ਚੁਗਣੇ ਪੈਂਦੇ ਹਨ । ਜ਼ਰੂਰੀ ਹੈ ਕੋਈ ਵੀ ਕਾਰਜ ਕਰਨ ਤੋਂ ਪਹਿਲਾਂ ਉਸ ਦੇ ਚੰਗੇ ਮਾੜੇ ਨਤੀਜਿਆਂ ‘ਤੇ ਘੋਖਵੀਂ ਝਾਤ ਮਾਰ ਲਈ ਜਾਵੇ। ਖ਼ੁਦ ਨੂੰ ਖ਼ਤਮ ਕਰਨ ਦੀ ਬਜਾਏ ਖ਼ੁਦਕੁਸ਼ੀ ਲਈ ਪੈਦਾ ਹੋਏ ਕਾਰਨ ਨੂੰ ਖ਼ਤਮ ਕਰਨਾ ਹੀ ਜੀਵਨ ਦੀ ਖ਼ੂਬਸੂਰਤੀ ਹੈ।ਦੂਜਿਆਂ ਦੀ ਖੁਸ਼ੀ ਲਈ ਜਿਉਣਾ, ਨੈਤਿਕਤਾ ਦਾ ਚੰਗਾ ਪੱਖ ਹੈ, ਪਰੰਤੂ ਕੁੱਝ ਪਲ ਆਪਣੇ ਆਪ ਨਾਲ ਬਿਤਾਉਣਾ ਵੀ ਉਨਾ ਹੀ ਜ਼ਰੂਰੀ ਹੈ, ਕਿਉਂਕਿ ਦੂਜਿਆਂ ਨੂੰ ਸਮਝਣ ਲਈ ਖ਼ੁਦ ਦੀ ਸਮਝ ਹੋਣਾ ਜ਼ਰੂਰੀ ਹੈ।
ਆਪਣਿਆਂ ਦੀਆਂ ਜ਼ਰੂਰਤਾਂ ਦਾ ਭਾਰ ਹੌਲਾ ਕਰਦੇ ਇੱਕ ਵਿਅਕਤੀ ਦਾ ਲੱਕ ਟੁੱਟ ਕੇ ਦੂਹਰਾ ਹੋ ਜਾਂਦਾ ਹੈ, ਤੇ ਉਹੀ ਆਪਣੇ ਪੈਰਾਂ ਸਿਰ ਹੁੰਦੇ ਆਖ ਦਿੰਦੇ ਹਨ, ਤੁਸੀਂ ਮੇਰੇ ਲਈ ਕੀਤਾ ਹੀ ਕੀ ਹੈ? ਜਾਂ ਜੋ ਕੀਤਾ ਉਹ ਸਾਰੇ ਹੀ ਕਰਦੇ ਹਨ, ਕਿਹੜਾ ਕੁੱਝ ਦੁਨੀਆਂ ਨਾਲੋਂ ਵੱਖ ਕਰ ਦਿੱਤਾ ਹੈ। ਜੋ ਕੀਤਾ ਫਰਜ਼ ਸੀ ਤੁਹਾਡਾ, ਕੋਈ ਸਾਡੇ ਸਿਰ ਅਹਿਸਾਨ ਨਹੀਂ ਕੀਤਾ। ਸੰਤਾਨ ਦੀ ਪਾਲਣਾ ਇਨਵੈਸਟਮੈਂਟ (ਲਾਗਤ) ਤੇ ਆਊਟਪੁੱਟ (ਲਾਭ/ਕਮਾਈ) ਦੀ ਭਾਵਨਾ ਨਾਲ ਕੀਤੀ ਜਾਂਦੀ ਹੈ। ਪਹਿਲਾਂ ਔਲਾਦ ਦਾ ਸਹਾਰਾ ਬਣਨਾ, ਤੇ ਫਿਰ ਔਲਾਦ ਨੂੰ ਡੰਗੋਰੀ ਬਣਾ ਕੇ ਤਾ-ਉਮਰ ਇੱਕ-ਦੂਜੇ ਦੇ ਪੱਲੂ ਨਾਲ ਬੱਝੇ ਰਹਿਣ ਦੀ ਪਰਵਿਰਤੀ ਹੀ ਅਜਿਹੀ ਸਥਿਤੀ ਦਾ ਮੂਲ ਕਾਰਨ ਹੈ। ਬੜੀ ਲੋੜ ਹੈ ਮਨੁੱਖ ਨੂੰ ਪੰਛੀਆਂ ਕੋਲੋਂ ਜੀਵਨ ਜਾਚ ਸਿੱਖਣ ਦੀ। ਪੰਛੀ ਆਲ੍ਹਣਾ ਬਣਾਉਂਦੇ, ਅੰਡੇ ਦਿੰਦੇ ਤੇ ਫਿਰ ਬੋਟ ਚੁੰਝਾਂ ਖੋਲ੍ਹਦੇ ਹਨ। ਇੱਕ-ਇੱਕ ਦਾਣਾ ਚੁੰਝ ‘ਚ ਭਰ ਕੇ ਪੰਛੀ ਬੋਟ ਨੂੰ ਪਾਲਦੇ ਨੇ, ਉੱਡਣਾ ਸਿਖਾਉਂਦੇ ਹਨ, ਤੇ ਫਿਰ ਉਡਾਰ ਹੁੰਦਿਆਂ ਹੀ ਛੱਡ ਦਿੰਦੇ ਹਨ ਖੁੱਲ੍ਹੇ ਆਕਾਸ਼ ‘ਚ ਉਡਾਰੀਆਂ ਭਰਨ ਲਈ। ਉਹ ਆਪਣੇ ਲਈ ਆਲ੍ਹਣੇ ਬਣਾਉਣ ਲਈ ਤਿਣਕਾ-ਤਿਣਕਾ ‘ਕੱਠਾ ਕਰਨ ਲੱਗਦੇ ਹਨ । ਅਸੀਂ ਕੀ ਕਰਦੇ ਹਾਂ, ਡੰਡੇ ਦੇ ਜ਼ੋਰ ‘ਤੇ ਬੱਚੇ ਪਾਲਦੇ ਹਾਂ ਤੇ ਫਿਰ ਬੁਢਾਪੇ ‘ਚ ਡੰਡੇ ਦੇ ਜ਼ੋਰ ‘ਤੇ ਉਨ੍ਹਾਂ ਨੂੰ ਡੰਗੋਰੀ ਬਣਾਉਣ ਦੀ ਕੋਸ਼ਿਸ਼ ਕਰਨ ਲੱਗਦੇ ਹਾਂ।
ਰਿਸ਼ਤਿਆਂ ਦੀ ਜੜਤਾ ਸਹਿਣ ‘ਚ ਨਹੀਂ, ਇੱਕ-ਦਜੇ ਨੂੰ ਸਮਝਣ ‘ਚ ਹੈ। ਦਬਾਅ ‘ਚੋਂ ਤਾਂ ਵਿਰੋਧ ਹੀ ਪੈਦਾ ਹੁੰਦਾ ਹੈ। ਜਿੰਨਾ ਵੱਧ ਦਬਾਅ ਹੋਵੇਗਾ, ਦੇਰ ਸਵੇਰ ਉਸ ਤੋਂ ਕਈ ਗੁਣਾਂ ਵੱਡੇ ਵਿਰੋਧ ਦਾ ਸਾਹਮਣਾ ਕਰਨਾ ਪਵੇਗਾ। ਅਜਿਹੀ ਭਾਵਨਾਤਮਕ ਸਾਂਝ ਪਾਲਣ ਦੀ ਲੋੜ ਹੈ, ਕਿ ਅਧਿਕਾਰ ਮਾਣਦਿਆਂ ਫ਼ਰਜ਼ ਨਿਭਾਉਣਾ ਬੋਝ ਨਾ ਜਾਪੇ, ਸਗੋਂ ਫ਼ਰਜ਼ ਆਨੰਦ ਬਣ ਜਾਵੇ। ਗਲਤੀਆਂ ਸਭ ਤੋਂ ਹੁੰਦੀਆਂ ਹਨ, ਮਾਫ਼ ਕਰਨ ‘ਚ ਸਕੂਨ ਹੈ, ਵਾਧਾ ਹੈ, ਵਿਕਾਸ ਹੈ। ਪਾਣੀ ‘ਚ ਮਧਾਣੀ ਪਾਉਣ ਨਾਲ ਕੁੱਝ ਹਾਸਲ ਨਹੀਂ ਹੁੰਦਾ।
ਹਰ ਇੱਕ ਨੂੰ ਮਿਲੀ ਜ਼ਿੰਦਗੀ ਜਿਉਣ ਦਾ ਹੱਕ ਹੈ, ਸਭ ਨੂੰ ਸੁਪਨੇ ਵੇਖਣ ਦਾ ਹੱਕ ਹੈ, ਤੇ ਸਭ ਨੂੰ ਸੁਪਨਿਆਂ ਦੇ ਖੰਭਾਂ ‘ਤੇ ਸਵਾਰ ਹੋ ਕੇ ਉਡਾਰੀ ਮਾਰਨ ਤੇ ਉਡਾਰੀ ਤੋਂ ਪਰਵਾਜ਼ ਭਰਨ ਦਾ ਹੱਕ ਹੈ। ਮਨੁੱਖ, ਮਨੁੱਖ ਦੇ ਪੈਰੀਂ ਜ਼ੰਜੀਰਾਂ ਬੰਨ੍ਹ ਸਕਦਾ ਹੈ, ਪਰੰਤੂ ਵਿਚਾਰਾਂ ਦੇ ਖੰਭ ਹੰਭਲਾ ਮਾਰ ਕੇ ਜ਼ੰਜੀਰਾਂ ਤੋੜ ਸੁੱਟਦੇ ਹਨ, ਤੇ ਫਿਰ ਖੁੱਲ੍ਹੇ ਅੰਬਰੀਂ ਪਰਵਾਜ਼ ਭਰਨ ਲੱਗਦੇ ਹਨ। ਸਰੀਰ ਮਰਦੇ ਹਨ, ਪੀੜੀ੍ਹਆਂ ਖ਼ਤਮ ਹੁੰਦੀਆਂ ਹਨ, ਵਿਚਾਰ ਨਹੀਂ। ਸੱਭਿਆਤਾਵਾਂ ਖ਼ਤਮ ਹੋ ਕੇ ਧਰਤੀ ਦੇ ਕਿਸੇ ਹੋਰ ਕੋਨੇ ‘ਚ ਖੱਬਲ ਘਾਹ ਦੀ ਤਿੜ ਬਣ ਕੇ ਫੁੱਟ ਸਕਦੀਆਂ ਹਨ, ਤੇ ਕਿਸੇ ਤਿੜ ਦੇ ਫੁੱਟਣ ਦੇ ਨਾਲ ਹੀ ਵਿਚਾਰ ਵੀ ਜੜ ਫੜ ਕੇ ਹਰੇ ਹੋ ਜਾਂਦੇ ਹਨ।
ਜ਼ਿੰਦਗੀ ਉਨ੍ਹਾਂ ਲਈ ਬੋਝ ਹੁੰਦੀ ਹੈ, ਜੋ ਦੂਜਿਆਂ ਨੂੰ ਬੋਝ ਸਮਝਦੇ ਹਨ, ਜਾਂ ਆਪ ਹੋਰਾਂ ਲਈ ਬੋਝ ਹੁੰਦੇ ਹਨ। ਜ਼ਿੰਦਗੀ ਬੋਝ ਨਹੀਂ ਸਗੋਂ ਜ਼ਿੰਦਗੀ ਨੂੰ ਬੋਝ ਸਮਝਣ ਵਾਲੇ ਜ਼ਿੰਦਗੀ ਲਈ ਬੋਝ ਹਨ । ਜ਼ਿੰਦਗੀ ਖ਼ੂਬਸੂਰਤ ਹੈ। ਮਸਤ ਜੀਓ, ਭਰਪੂਰ ਜੀਓ, ਖੁੱਲ੍ਹ ਕੇ ਜੀਓ, ਖੁਸ਼ਹਾਲ ਜੀਓ। ਇਹ ਜਨਮ ਅਨਮੋਲ ਹੈ, ਰੀਝ ਨਾਲ ਰੱਜ ਕੇ ਜੀਓ ਤੇ ਦੂਜਿਆਂ ਨੂੰ ਵੀ ਜੀਣ ਦਿਓ, ਕਿਉਂਕਿ ਜਿਸ ਨੇ ਇਹ ਜਨਮ ਰੀਝ ਨਾਲ ਰੱਜ ਕੇ ਜਿਉਂ ਲਿਆ, ਉਸ ਨੂੰ ਹੋਰ ਜਨਮਾਂ ਦੀ ਇੱਛਾ ਨਹੀਂ ਰਹਿੰਦੀ, ਤੇ ਨਾ ਹੀ ਲੋੜ ਹੁੰਦੀ ਹੈ।
ਦੀਪਤੀ ਬਬੂਟਾ, ਮੋਹਾਲੀ
ਮੋ.98146-70707

Click to comment

Leave a Reply

Your email address will not be published. Required fields are marked *

ਪ੍ਰਸਿੱਧ ਖਬਰਾਂ

To Top