ਇੱਜ਼ਤ ਖਾਤਰ ਤਿੰਨ ਕਤਲ ਕਰਨ ਵਾਲਾ ਹੁਣ ਲੋਕਾਂ ਨੂੰ ਸਿੱਖਿਅਤ ਕਰਨ ਲਈ ਜਾਣਾ ਚਾਹੁੰਦਾ ਹੈ ਪਿੰਡ

1991 ਵਿੱਚ ਪਰਿਵਾਰ ਦੀ ਅਣਖ ਖਾਤਰ ਆਪਣੀ ਨਵ ਵਿਆਹੁਤਾ ਭੈਣ, ਉਸ ਦੇ ਪਤੀ ਤੇ ਉਨ੍ਹਾਂ ਦੇ ਦੋਸਤ ਦੀ ਜਾਨ ਲੈਣ ਵਾਲੇ ਮੁਜਰਮ ਦਾ ਕਹਿਣਾ ਹੈ ਕਿ ਜੇ ਉਹ ਜੇਲ੍ਹ ਵਿੱਚੋਂ ਰਿਹਾਅ ਹੋ ਜਾਂਦਾ ਹੈ ਤਾਂ ਉਹ ਲੋਕਾਂ ਨੂੰ ਅਣਖ ਖਾਤਰ ਕੀਤੇ ਜਾਣ ਵਾਲੇ ਕਤਲ ਬਾਰੇ ਸਿੱਖਿਅਤ ਕਰਨਾ ਚਾਹੁੰਦਾ ਹੈ। 49 ਸਾਲਾ ਦਲਜੀਤ ਸਿੰਘ ਦੁਲੇ ਇਸ ਸਮੇਂ ਉਮਰ ਕੈਦ ਕੱਟ ਰਿਹਾ ਹੈ ਤੇ ਉਸ ਨੂੰ ਸਜ਼ਾ ਦੇ 25 ਸਾਲ ਮਗਰੋਂ ਪੈਰੋਲ ਮਿਲਣ ਦੀ ਸ਼ਰਤ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਉਸ ਨੂੰ ਫਰਸਟ ਡਿਗਰੀ ਮਰਡਰ ਦੇ ਦੋ ਮਾਮਲਿਆਂ ਤੇ ਸੈਕਿੰਡ ਡਿਗਰੀ ਮਰਡਰ ਦੇ ਇੱਕ ਮਾਮਲੇ ਵਿੱਚ ਇਹ ਸਜ਼ਾ ਹੋਈ ਹੈ ਤੇ ਉਸ ਨੇ ਬਿਨਾਂ ਨਿਗਰਾਨੀ ਵਾਲੇ ਪਾਸ ਦੇ ਜੇਲ੍ਹ ਵਿੱਚੋਂ ਬਾਹਰ ਜਾਣ ਤੇ ਦਿਨ ਵੇਲੇ ਪੈਰੋਲ ਦੀ ਮੰਗ ਲਈ ਪਿੱਛੇ ਜਿਹੇ ਅਪਲਾਈ ਕੀਤਾ ਸੀ ਪਰ ਉਸ ਦੀ ਕੋਈ ਵੀ ਗੱਲ ਨਹੀਂ ਮੰਨੀ ਗਈ। ਪੈਰੋਲ ਬੋਰਡ ਆਫ ਕੈਨੇਡਾ ਦੇ ਇਸ ਮਾਮਲੇ ਵਿੱਚ ਫੈਸਲੇ ਅਨੁਸਾਰ ਦੁਲੇ ਦਾ ਮੰਨਣਾ ਹੈ ਕਿ ਜਦੋਂ ਉਸ ਨੂੰ ਰਿਹਾਅ ਕਰ ਦਿੱਤਾ ਜਾਵੇਗਾ ਤਾਂ ਉਸ ਨੂੰ ਡੀਪੋਰਟ ਕੀਤਾ ਜਾ ਸਕਦਾ ਹੈ ਜਾਂ ਉਹ ਬੀਸੀ ਵਿੱਚ ਕਿਤੇ ਰਹੇਗਾ। ਉਹ 2016 ਵਿੱਚ ਪੈਰੋਲ ਦੇ ਯੋਗ ਹੋ ਜਾਵੇਗਾ। ਲਿਖਤੀ ਫੈਸਲੇ ਵਿੱਚ ਬੋਰਡ ਨੇ ਆਖਿਆ ਕਿ ਅਣਖ ਖਾਤਰ ਕਤਲ ਦੀ ਧਾਰਨਾ ਨਿੱਕੀ ਉਮਰ ਵਿੱਚ ਹੀ ਭਾਰਤ ਰਹਿੰਦੇ ਸਮੇਂ ਦੁਲੇ ਦੇ ਮਨ ਵਿੱਚ ਭਰ ਦਿੱਤੀ ਗਈ ਸੀ। 1991 ਵਿੱਚ ਪਰਿਵਾਰ ਨੇ ਹੀ ਉਸ ਨੂੰ ਜੋ਼ਰ ਪਾ ਕੇ ਇਹ ਆਖਿਆ ਸੀ ਕਿ ਉਨ੍ਹਾਂ ਦੀ ਰਜ਼ਾਮੰਦੀ ਤੋਂ ਉਲਟ ਵਿਆਹ ਕਰਵਾਉਣ ਵਾਲੀ ਆਪਣੀ ਭੈਣ ਨਾਲ ਉਹ ਆਪ ਹੀ ਨਜਿੱਠੇ। ਜਦੋਂ ਉਸ ਲੜਕੇ ਨਾਲੋਂ ਸਬੰਧ ਤੋੜਨ ਲਈ ਦੁਲੇ ਨੇ ਆਪਣੀ ਭੈਣ ਨੂੰ ਮਨਾਉਣ ਦੀ ਕੋਸਿ਼ਸ਼ ਕੀਤੀ ਤਾਂ ਉਹ ਨਹੀਂ ਮੰਨੀ ਤਾਂ ਦੁਲੇ ਨੂੰ ਪਰਿਵਾਰ ਦੀ ਇੱਜ਼ਤ ਰੋਲਣ ਵਾਲੀ ਕੁੜੀ ਨਾਲ ਜਿਹੋ ਜਿਹਾ ਮਰਜ਼ੀ ਸਲੂਕ ਕਰਨ ਲਈ ਆਖਿਆ ਗਿਆ। ਦੁਲੇ ਨੇ ਆਪਣੀ 20 ਸਾਲਾ ਭੈਣ ਕੁਲਵਿੰਦਰ ਦੁਲੇ ਨੂੰ ਲੱਭਣ ਲਈ ਇੱਕ ਪ੍ਰਾਈਵੇਟ ਇਨਵੈਸਟੀਗੇਟਰ ਦੀਆਂ ਸੇਵਾਵਾਂ ਲਈਆਂ। ਉਸ ਨੇ ਅਸਾਲਟ ਰਾਈਫਲ ਖਰੀਦੀ ਤੇ ਉਨ੍ਹਾਂ ਦਾ ਨਬੇੜਾ ਕਰਨ ਦੀ ਠਾਣ ਲਈ। ਇੱਕ ਦਿਨ ਉਸ ਨੇ ਆਪਣੀ ਭੈਣ, ਉਸ ਦੇ ਪਤੀ ਤੇ ਉਨ੍ਹਾਂ ਦੀ ਕਾਰ ਵਿੱਚ ਸਵਾਰ ਉਨ੍ਹਾਂ ਦੇ ਦੋਸਤ 28 ਸਾਲਾ ਮੁਕੇਸ਼ ਕੁਮਾਰ ਸ਼ਰਮਾ ਨੂੰ ਵੀ ਮੌਤ ਦੇ ਘਾਟ ਉਤਾਰ ਦਿੱਤਾ। ਬੋਰਡ ਨੇ ਆਖਿਆ ਕਿ ਕੈਦ ਵਿੱਚ ਰਹਿੰਦਿਆਂ ਦੁਲੇ ਨੇ ਦਸ ਸਾਲ ਪਹਿਲਾਂ ਭੂਮਿਕਾ ਨਿਭਾਉਣ ਵਾਲੇ ਇੱਕ ਪ੍ਰੋਗਰਾਮ ਵਿੱਚ ਹਿੱਸਾ ਲਿਆ ਸੀ ਤੇ ਹੁਣ ਉਸ ਦਾ ਮੰਨਣਾ ਹੈ ਕਿ ਉਸ ਵੱਲੋਂ ਕੀਤੇ ਗਏ ਕਤਲ ਗਲਤ ਫੈਸਲਾ ਸਨ। ਉਹ ਭਾਰਤ ਸਥਿਤ ਆਪਣੇ ਪਿੰਡ ਪਰਤਣਾ ਚਾਹੁੰਦਾ ਹੈ ਤੇ ਉਸ ਦਾ ਦਾਅਵਾ ਹੈ ਕਿ ਉਹ ਅਣਖ ਖਾਤਰ ਕੀਤੇ ਜਾਣ ਵਾਲੇ ਕਤਲਾਂ ਬਾਬਤ ਲੋਕਾਂ ਨੂੰ ਸਿੱਖਿਅਤ ਕਰੇਗਾ ਪਰ ਜਦੋਂ ਉਸ ਉੱਤੇ ਦਬਾਅ ਪਾ ਕੇ ਇਹ ਪੁੱਛਿਆ ਗਿਆ ਕਿ ਉਹ ਇਨ੍ਹਾਂ ਮਾਨਤਾਵਾਂ ਦੀ ਕਿਵੇਂ ਵਿਆਖਿਆ ਕਰੇਗਾ ਤਾਂ ਉਸ ਨੇ ਕੁੱਝ ਵੇਰਵੇ ਮੁਹੱਈਆ ਕਰਵਾਏ। ਇਸ ਮਗਰੋਂ ਬੋਰਡ ਨੇ ਆਪਣੇ ਫੈਸਲੇ ਵਿੱਚ ਲਿਖਿਆ ਕਿ ਤੁਸੀਂ ਇਸ ਬਾਰੇ ਕੋਈ ਜਾਣਕਾਰੀ ਮੁਹੱਈਆ ਨਹੀਂ ਕਰਵਾਈ ਕਿ ਜਿਹੜੇ ਲੋਕ ਤੁਹਾਨੂੰ ਅਜੇ ਵੀ ਨਾਇਕ ਮੰਨਦੇ ਹਨ ਤੇ ਇਸ ਆਧਾਰ ਉੱਤੇ ਅਣਖ ਖਾਤਰ ਕੀਤੇ ਜਾਣ ਵਾਲੇ ਕਤਲਾਂ ਨੂੰ ਵੀ ਜਾਇਜ਼ ਠਹਿਰਾਉਂਦੇ ਹਨ ਉਨ੍ਹਾਂ ਦੀ ਸੋਚ ਬਦਲਣ ਲਈ ਤੁਸੀਂ ਉਨ੍ਹਾਂ ਉੱਤੇ ਕਿਸ ਤਰ੍ਹਾਂ ਦਬਾਅ ਪਾਵੋਂਗੇ, ਤੁਸੀਂ ਆਖਿਆ ਕਿ ਤੁਸੀਂ ਉਨ੍ਹਾਂ ਨੂੰ ਅਜਿਹਾ ਨਾ ਕਰਨ ਲਈ ਆਖੋਂਗੇ ਤੇ ਉੱਥੋਂ ਤੁਰ ਜਾਵੋਂਗੇ। ਆਪਣੀ ਆਖਰੀ ਲਫਜ਼ਾ ਵਿੱਚ ਤੁਸੀਂ ਆਖਿਆ ਕਿ ਤੁਹਾਡਾ ਟੀਚਾ ਆਪਣੇ ਪਰਿਵਾਰ ਦੇ ਜਵਾਨ ਮੈਂਬਰਾਂ ਨੂੰ ਅਣਖ ਖਾਤਰ ਕੀਤੇ ਜਾਣ ਵਾਲੇ ਕਤਲਾਂ ਦਾ ਆਦਰ ਕਰਨ ਬਾਰੇ ਸਿੱਖਿਆ ਦੇਣਾ ਹੈ। ਬੋਰਡ ਨੇ ਆਖਿਆ ਕਿ ਇਸ ਤੋਂ ਪਤਾ ਲੱਗਦਾ ਹੈ ਕਿ ਅਜੇ ਉਸ ਨੂੰ ਪੈਰੋਲ ਦੇਣਾ ਨਾ ਵਾਜਿਬ ਹੈੇ। ਬੋਰਡ ਨੇ ਆਖਿਆ ਕਿ ਅਜੇ ਵੀ ਅਣਖ ਖਾਤਰ ਕਤਲ ਲਈ ਦੁਲੇ ਦੀ ਸੋਚ ਪੂਰੀ ਤਰ੍ਹਾਂ ਨਹੀਂ ਬਦਲੀ ਇਸ ਲਈ ਉਸ ਨੂੰ ਬਿਨਾਂ ਨਿਗਰਾਨੀ ਤੇ ਬਾਹਰ ਜਾਣ ਤੇ ਜਾਂ ਫਿਰ ਦਿਨ ਵੇਲੇ ਪੈਰੋਲ ਨਾ ਦੇਣ ਦਾ ਫੈਸਲਾ ਕੀਤਾ ਜਾ ਰਿਹਾ ਹੈ। 2009 ਵਿੱਚ ਵੀ ਅਦਾਲਤ ਨੇ ਉਸ ਨੂੰ ਜਲਦੀ ਪੈਰੋਲ ਦੇਣ ਤੋਂ ਇਨਕਾਰ ਕਰ ਦਿੱਤਾ ਸੀ।