ਅਣਖ ਲਈ ਕਤਲ ਕਰਨ ਵਾਲਿਆਂ ਦਾ ਦੋ ਰੋਜ਼ਾ ਪੁਲੀਸ ਰਿਮਾਂਡ ਪੱਤਰ ਪ੍ਰੇਰਕ ਟੋਹਾਣਾ, 12 ਨਵੰਬਰ ਪ੍ਰੇਮ ਵਿਆਹ ਰਚਾਉਣ ਬਦਲੇ ਮਾਰ ਦਿੱਤੇ ਗਏ ਪਿੰਡ ਡੋਬੀ ਦੇ ਸੁਖਬੀਰ ਦੇ ਕਤਲ ਲਈ ਪੁਲੀਸ ਨੇ ਮ੍ਰਿਤਕ ਦੀ ਪਤਨੀ ਕਿਰਨ ਦੇ ਚਾਚੇ ਟਹਿਲ ਸਿੰਘ ਤੇ ਸਕੇ ਭਰਾ ਜਗਜੀਤ ਸਿੰਘ ਨੂੰ ਨਾਮਜ਼ਦ ਕੀਤਾ ਹੈ। ਪੁਲੀਸ ਵੱਲੋਂ ਮੁੱਢਲੀ ਜਾਂਚ ਵਿੱਚ ਇਹ ਸਪੱਸ਼ਟ ਹੋ ਗਿਆ ਹੈ ਕਿ ਸੁਖਬੀਰ ਦੀ ਹੱਤਿਆ ਪਿੰਡ ਪਿੱਪਲਥਾ ਦੇ ਨੰਬਰਦਾਰ ਟਹਿਲ ਸਿੰਘ ਦੇ ਲਾਇਸੈਂਸੀ ਪਿਸਤੌਲ ਨਾਲ ਕੀਤੀ ਗਈ ਹੈ। ਪੁਲੀਸ ਜਾਂਚ ਵਿੱਚ ਅਨੇਕਾਂ ਹੋਰ ਸਨਸਨੀਖੇਜ਼ ਤੱਥ ਵੀ ਸਾਹਮਣੇ ਆਏ ਹਨ। ਪੁਲੀਸ ਨੇ ਮੁਲਜ਼ਮਾਂ ਨੂੰ ਅੱਜ ਅੰਮ੍ਰਿਤ ਚਾਹਲੀਆਂ ਦੀ ਅਦਾਲਤ ਵਿੱਚ ਪੇਸ਼ ਕੀਤਾ ਅਤੇ ਅਦਾਲਤ ਨੇ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਪਿੱਛੋਂ ਮੁਲਜ਼ਮਾਂ ਨੂੰ ਦੋ-ਰੋਜ਼ਾ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ। ਮੁਲਜ਼ਮ ਪਰਿਵਾਰ ਬਾਰੇ ਪਤਾ ਕਰਨ ਉੱਤੇ ਸਾਹਮਣੇ ਆਇਆ ਕਿ ਇਹ ਕਾਫੀ ਅਸਰ-ਰਸੂਖ਼ ਵਾਲਾ ਪਰਿਵਾਰ ਹੈ। ਟੋਹਾਣਾ ਤੋਂ 15 ਕਿਲੋਮੀਟਰ ਦੂਰ ਫਤਿਹਾਬਾਦ ਜ਼ਿਲ੍ਹੇ ਦੀ ਸੀਮਾ ਲਾਗੇ ਪੈਂਦਾ ਪਿੰਡ ਪਿੱਪਲਥਾ ਪਾਕਿਸਤਾਨ ਤੋਂ ਆਏ ਜੱਟ ਸਿੱਖ ਪਰਿਵਾਰਾਂ ਦਾ ਪਿੰਡ ਹੈ। ਟਹਿਲ ਸਿੰਘ ਇਸ ਵੇਲੇ ਪਿੰਡ ਦਾ ਨੰਬਰਦਾਰ ਹੈ, ਜਦੋਂ ਕਿ ਪਹਿਲਾਂ ਉਹ ਪਿੰਡ ਦਾ ਸਰਪੰਚ ਵੀ ਰਹਿ ਚੁੱਕਿਆ ਹੈ। ਉਹ ਚਾਰ ਭਰਾ ਸਨ, ਜਿਨ੍ਹਾਂ ਵਿੱਚੋਂ ਦੋ ਦੀ ਮੌਤ ਹੋ ਚੁੱਕੀ ਹੈ। ਪ੍ਰੇਮ ਵਿਆਹ ਕਰਨ ਵਾਲੀ ਕਿਰਨ ਦੇ ਪਿਤਾ ਜਰਨੈਲ ਸਿੰਘ ਦੀ ਵੀ ਮੌਤ ਹੋ ਚੁੱਕੀ ਹੈ। ਕਿਰਨ ਦਾ ਸਕਾ ਭਰਾ ਕਤਲ ਕੇਸ ਦਾ ਮੁਲਜ਼ਮ ਹੈ। ਟਹਿਲ ਸਿੰਘ ਨੰਬਰਦਾਰ ਪਰਿਵਾਰ ਪੂਰਨ ਗੁਰਸਿੱਖ ਹੈ। ਦਿੱਲੀ / ਹਰਿਆਣਾ