ਝੂਠੀ ਅਣਖ ਲਈ ਦੋਹਰਾ ਕਤਲ ਜੀਂਦ: ਹਰਿਆਣਾ ‘ਚ ਝੂਠੀ ਸ਼ਾਨ ਲਈ ਫਿਰ ਹੋਇਆ ਦੋਹਰਾ ਕਤਲ। ਪਿਤਾ ਨੇ ਆਪਣੇ ਦੋ ਭਰਾਵਾਂ ਨਾਲ ਮਿਲ ਕੇ ਆਪਣੀ ਧੀ ਤੇ ਉਸ ਦੇ ਪ੍ਰੇਮੀ ਦਾ ਕਤਲ ਕਰ ਦਿੱਤਾ। ਮਾਮਲਾ ਜੀਂਦ ਦੇ ਪਿੰਡ ਰਾਜਗੜ ਡੋਬੀ ਦਾ ਹੈ। ਇਸ ਦੋਹਰੇ ਹੱਤਿਆਕਾਂਡ ਨੂੰ ਅੰਜਾਮ ਦੇਣ ਤੋਂ ਬਾਅਦ ਸਾਰੇ ਮੁਲਜ਼ਮ ਫਰਾਰ ਹੋ ਗਏ ਹਨ। ਪੁਲਿਸ ਨੇ ਮਾਮਲਾ ਦਰਜ ਕਰ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ ਰਾਜਗੜ ਡੋਬੀ ਦੀ ਰਹਿਣ ਪੂਨਮ ਪਿੰਡ ਦੇ ਹੀ ਲੜਕੇ ਰਮੇਸ਼ ਨਾਲ ਪਿਆਰ ਕਰਦੀ ਸੀ। ਦੋਵੇਂ ਇੱਕ ਦੂਸਰੇ ਨਾਲ ਵਿਆਹ ਕਰਵਾਉਣਾ ਚਾਹੁੰਦੇ ਸਨ। ਪਰ ਅਚਾਨਕ ਪੂਨਮ ਦੇ ਪਿਤਾ ਨੂੰ ਇਸ ਰਿਸ਼ਤੇ ਦਾ ਪਤਾ ਲੱਗ ਗਿਆ। ਇਸ ‘ਤੇ ਗੁੱਸੇ ‘ਚ ਭੜਕੇ ਪਿਤਾ ਨੇ ਆਪਣੇ ਦੋ ਭਰਾਵਾਂ ਨਾਲ ਮਿਲਕੇ ਰਮੇਸ਼ ‘ਤੇ ਹਮਲਾ ਕਰ ਦਿੱਤਾ। ਬੇਰਹਿਮੀ ਨਾਲ ਹੋਈ ਕੁੱਟਮਾਰ ਦੇ ਚੱਲਦੇ ਉਸ ਨੇ ਦਮ ਤੋੜ ਦਿੱਤਾ। ਇਸ ਤੋਂ ਬਾਅਦ ਪੂਨਮ ਦਾ ਵੀ ਕਤਲ ਕਰ ਦਿੱਤਾ ਗਿਆ। ਜਦ ਇਸ ਹੱਤਿਆਕਾਂਡ ਦੀ ਖਬਰ ਰਮੇਸ਼ ਦੇ ਪਰਿਵਾਰ ਨੂੰ ਮਿਲੀ ਤਾਂ ਤੁਰੰਤ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ। ਪੁਲਿਸ ਨੇ ਕਤਲ ਦਾ ਮਾਮਲਾ ਦਰਜ ਕਰ ਪੜਤਾਲ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਸਾਰੇ ਮੁਲਜ਼ਮ ਫਰਾਰ ਦੱਸੇ ਜਾ ਰਹੇ ਹਨ।