ਅਣਖ ਲਈ ਕਤਲ ਦੇ ਦੋਸ਼ ‘ਚ ਤਿੰਨ ਜਣਿਆਂ ਨੂੰ ਉਮਰ ਕੈਦ; ਲੜਕੀ ਦਾ ਬਾਪ ਬਰੀ ਸੰਗਰੂਰ, 9 ਜੂਨ (ਪੋਸਟ ਬਿਊਰੋ)- ਵਧੀਕ ਸੈਸ਼ਨ ਜੱਜ ਸ੍ਰੀ ਵਿਰੇਂਦਰ ਅਗਰਵਾਲ ਦੀ ਅਦਾਲਤ ਨੇ ਪਿੰਡ ਉਭਾਵਾਲ ਦੀ ਇਕ ਲੜਕੀ ਨਾਲ ਪ੍ਰੇਮ ਵਿਆਹ ਕਰਵਾ ਕੇ ਸੰਗਰੂਰ ਰਹਿ ਰਹੇ ਲੜਕੇ ਨੂੰ ਕਤਲ ਕਰਨ ਦੇ ਦੋਸ਼ ਵਿੱਚ ਲੜਕੀ ਦੇ ਚਾਚਾ ਅਤੇ ਦੋ ਹੋਰਨਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ, ਜਦੋਂ ਕਿ ਲੜਕੀ ਦੇ ਪਿਤਾ ਨੂੰ ਬਰੀ ਕਰ ਦਿੱਤਾ ਗਿਆ। ਵਰਨਣ ਯੋਗ ਹੈ ਕਿ ਲੜਕਾ ਰਾਜਾ ਰਾਮ ਤੇ ਲੜਕੀ ਮਨਜੀਤ ਕੌਰ ਦੋਵੇਂ ਵਾਸੀ ਉਭਾਵਾਲ ਇਸੇ ਪਿੰਡ ਦੇ ਸਰਕਾਰੀ ਸਕੂਲ ਵਿੱਚ ਪੜ੍ਹਾਈ ਕਰਦੇ ਸਨ। ਦੋਵਾਂ ਦਰਮਿਆਨ ਪ੍ਰੇਮ ਸੰਬੰਧਾਂ ਦੇ ਚੱਲਦਿਆਂ ਤਿੰਨ ਸਾਲ ਪਹਿਲਾਂ ਉਹ ਕੋਰਟ ਮੈਰਿਜ ਕਰਵਾ ਕੇ ਸੰਗਰੂਰ ਦੀ ਮੁਬਾਰਿਕ ਮਹਿਲ ਕਾਲੋਨੀ ਵਿੱਚ ਰਹਿਣ ਲੱਗ ਪਏ ਸਨ। ਕੁਝ ਲੋਕਾਂ ਵੱਲੋਂ ਰਾਜਾ ਰਾਮ ਦੇ ਸੰਗਰੂਰ ਤੋਂ ਅਗਵਾ ਹੋਣ ਤੋਂ ਬਾਅਦ ਸਿਟੀ ਸੰਗਰੂਰ ਪੁਲਸ ਨੇ 28 ਅਗਸਤ 2010 ਨੂੰ ਲੜਕੇ ਦੇ ਪਿਤਾ ਦੇ ਬਿਆਨ, ਕਿ ਨੂੰਹ ਮਨਜੀਤ ਕੌਰ ਦਾ ਚਾਚਾ ਸਤਪਾਲ ਸਿੰਘ ਤੇ ਦੋ ਹੋਰ ਮੋਟਰ ਸਾਈਕਲ ‘ਤੇ ਰਾਜਾ ਰਾਮ ਨੂੰ ਅਗਵਾ ਕਰਕੇ ਲੈ ਗਏ ਹਨ, ‘ਤੇ ਮਾਮਲਾ ਦਰਜ ਕਰ ਲਿਆ ਗਿਆ ਸੀ। ਅਗਲੇ ਦਿਨ ਪੁਲਸ ਨੂੰ ਰਾਜਾ ਰਾਮ ਦੀ ਲਾਸ਼ ਪਿੰਡ ਬੇਨੜਾ ਨੇੜੇ ਰੇਲਵੇ ਲਾਈਨ ‘ਤੇ ਮਿਲੀ, ਜਿਸ ਤੋਂ ਬਾਅਦ ਪੁਲਸ ਨੇ ਕੇਸ ਵਿੱਚ ਲੜਕੀ ਦੇ ਪਿਤਾ ਲਛਮਣ ਸਿੰਘ ਨੂੰ ਸ਼ਾਮਲ ਕਰਦਿਆਂ ਕਤਲ ਦਾ ਮਾਮਲਾ ਦਰਜ ਕਰ ਲਿਆ। ਕੇਸ ਦੀ ਸੁਣਵਾਈ ਤੋਂ ਬਾਅਦ ਕੱਲ੍ਹ ਅਦਾਲਤ ਨੇ ਲੜਕੀ ਦੇ ਚਾਚਾ ਸਤਪਾਲ ਸਿੰਘ, ਗਗਨਦੀਪ ਸਿੰਘ ਅਤੇ ਜੰਟਾ ਸਿੰਘ ਨੂੰ ਕਤਲ ਦੇ ਦੋਸ਼ ਮੰਨਦੇ ਹੋਏ ਤਿੰਨਾਂ ਨੂੰ ਉਮਰ ਕੈਦ ਅਤੇ 20-20 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ, ਜਦਕਿ ਪਿਤਾ ਲਛਮਣ ਸਿੰਘ ਨੂੰ ਬਰੀ ਕਰਨ ਦਾ ਹੁਕਮ ਸੁਣਾਇਆ ਹੈ। ਇਸ ਦੇ ਨਾਲ ਹੀ ਤਿੰਨਾਂ ਦੋਸ਼ੀਆਂ ਨੂੰ ਹੁਕਮ ਦਿੱਤਾ ਗਿਆ ਹੈ ਕਿ ਤਿੰਨ ਲੜਕੇ ਦੇ ਪਿਤਾ ਹਰੀ ਸਿੰਘ ਨੂੰ 35-35 ਹਜ਼ਾਰ ਰੁਪਏ ਅਦਾ ਕਰਨ।