ਇੱਜਤ ਦੇ ਨਾਂ ‘ਤੇ ਹੁੰਦੇ ਕਤਲਾਂ ‘ਚ ਰੁਲ਼ਦੀਆਂ ਖੋਖਲੀਆਂ ਇੱਜਤਾਂ : ਮਨੁੱਖੀ ਅਜ਼ਾਦੀ ਵਿਰੋਧੀ ਹਰ ਇੱਜਤ, ਪ੍ਰੰਪਰਾ ਤੇ ਸੱਭਿਆਚਾਰ ਦੀਆਂ ਧੱਜੀਆਂ ਉਡਾਓ! ਸੰਪਾਦਕੀ (ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ) ਭਾਰਤ ਵਿੱਚ ਅਖਬਾਰਾਂ ਦੇ ਪੰਨੇ ਆਪਣੀ ਪੰਸਦ, ਮਰਜੀ ਨਾਲ ਵਿਆਹ ਕਰਵਾਉਣ ਵਾਲ਼ਿਆਂ ਦੇ ਲਹੂ ਨਾਲ਼ ਆਮ ਹੀ ਲਾਲ ਹੋਏ ਰਹਿੰਦੇ ਹਨ। ਪਿਛਲੇ ਦਿਨਾਂ ਵਿੱਚ ਅੰਮ੍ਰਿਤਸਰ ਜ਼ਿਲ੍ਹੇ ਦੇ ਮਜੀਠਾ ਪੁਲੀਸ ਸਟੇਸ਼ਨ ਅਧੀਨ ਆਉਂਦੇ ਇੱਕ ਪਿੰਡ ਦੇ ਨੌਜਵਾਨ ਨੇ ਆਪਣੀ ਭੈਣ ਅਤੇ ਉਸਦੇ ਪਤੀ ਨੂੰ ਪ੍ਰੇਮ ਵਿਆਹ ਕਰਵਾਉਣ ਕਾਰਨ ਗੋਲ਼ੀਆਂ ਮਾਰ ਕੇ ਮਾਰ ਦਿੱਤਾ। ਮਾਰਚ ਮਹੀਨੇ ਤਾਮਿਲਨਾਡੂ ਵਿੱਚ ਇੱਕ ਹੋਰ ਘਟਨਾ ‘ਚ ਬੇਹਰਕਤ ਕਰ ਦਿੱਤੇ ਗਏ ਜਿਸਮ ਸਿਰਫ਼ 21 ਤੇ 19 ਸਾਲ ਦੇ ਨੌਜਵਾਨ ਜੋੜੇ ਦੇ ਸਨ ਜਿਨ੍ਹਾਂ ਨੇ ਪਰਿਵਾਰ ਦੀ ਇੱਛਾ ਤੋਂ ਉਲਟ ਜਾ ਕੇ 11 ਜੁਲਾਈ 2015 ਨੂੰ ਵਿਆਹ ਕਰਵਾਇਆ ਸੀ। ਇਸੇ ਮਹੀਨੇ ਇੱਕ ਹੋਰ ਘਟਨਾ ਵਿੱਚ ਧਨੌਲਾ ਖੁਰਦ (ਬਰਨਾਲਾ) ਵਿਖੇ ਅਣਖ ਖ਼ਾਤਰ ਕੁੜੀ ਦੇ ਪਿਤਾ ਤੇ ਭਰਾ ਨੇ ਨਵ ਵਿਆਹੇ ਜੋੜੇ ਉੱਤੇ ਜਾਨਲੇਵਾ ਹਮਲਾ ਕਰ ਦਿੱਤਾ ਜਿਸ ਵਿੱਚ ਬੇਸਬਾਲ ਦਾ ਡੰਡਾ ਮਾਰ ਕੇ ਲੜਕੇ ਨੂੰ ਕਤਲ ਕਰ ਦਿੱਤਾ ਗਿਆ ਤੇ ਕੁੜੀ ਦਾਤਰ ਨਾਲ਼ ਕੀਤੇ ਹਮਲੇ ਵਿੱਚ ਗੰਭੀਰ ਜਖ਼ਮੀ ਹੋ ਗਈ। ਦੋਵਾਂ ਨੇ ਇਸੇ 8 ਜਨਵਰੀ ਨੂੰ ਆਪਣੀ ਮਰਜੀ ਨਾਲ ਵਿਆਹ ਕਰਵਾਇਆ ਸੀ। ਕੁੜੀ ਦੇ ਪਿਓ ਨੇ ਦਰਬਾਰ ਸਾਹਿਬ ਜਾ ਕੇ ਦੋਵਾਂ ਨੂੰ ਮਾਰਨ ਦੀ ਸਹੁੰ ਖਾਧੀ ਸੀ ਤੇ ਉਸਨੂੰ ਇਸਦਾ ਕੋਈ ਪਛਤਾਵਾ ਨਹੀਂ, ਸਿਰਫ਼ ਇਸਦਾ ਪਛਤਾਵਾ ਹੈ ਕਿ ਕੁੜੀ ਮਰਨੋਂ ਬਚ ਗਈ। “ਅਣਖ” ਦੇ ਨਾਮ ‘ਤੇ ਹਰ ਸਾਲ ਹੁੰਦੀਆਂ ਕਤਲ ਦੀਆਂ ਅਜਿਹੀਆਂ ਹਜ਼ਾਰਾਂ ਵਾਰਦਾਤਾਂ ਵਿੱਚੋਂ ਕੁੱਝ ਤਾਂ ਇੰਨੀਆਂ ਬੇਰਹਿਮ ਹੁੰਦੀਆਂ ਹਨ ਕਿ ਮਨੁੱਖੀ ਸੰਵੇਦਨਾ ਨੂੰ ਬੁਰੀ ਤਰ੍ਹਾਂ ਝੰਜੋੜ ਸੁੱਟਦੀਆਂ ਹਨ ਤੇ ਸ਼ੱਕ ਹੋਣ ਲੱਗਦਾ ਹੈ ਕਿ ਅਸੀਂ ਮਨੁੱਖਾਂ ਦੀ ਦੁਨੀਆਂ ਵਿੱਚ ਹੀ ਰਹਿ ਰਹੇ ਹਾਂ! ਪਿਛਲੇ ਦਿਨਾਂ ਵਿੱਚ ਰਾਂਚੀ ਵਿਖੇ ਇੱਕ ਪ੍ਰੇਮੀ ਜੋੜੇ ਦਾ ਬੇਰਹਿਮੀ ਨਾਲ਼ ਕਤਲ ਕੀਤਾ ਗਿਆ ਅਤੇ ਕਤਲ ਕੀਤੀ ਗਈ ਕੁੜੀ ਦੀ ਕੁੱਖ ਵਿੱਚ ਇੱਕ ਨੰਨ੍ਹਾ ਜਿਹਾ ਫੁੱਲ ਉੱਸਲਵੱਟੇ ਲੈ ਰਿਹਾ ਸੀ ਤੇ ਕਾਤਲਾਂ ਨੇ ਸਭ ਜਾਣਦਿਆਂ ਵੀ ਉਸ ਫੁੱਲ ਨੂੰ ਖਿੜਨ ਤੋਂ ਪਹਿਲਾਂ ਹੀ… 2014 ‘ਚ ਤਾਮਿਲਨਾਡੂ ਦੇ ਇੱਕ ਹੋਰ ਪਿੰਡ ਵਿੱਚ ਇੱਕ ਪ੍ਰੇਮ ਵਿਆਹ ਕਰਵਾਉਣ ਵਾਲ਼ੇ ਜੋੜੇ ਦੇ ਕਤਲ ਦੇ ਨਾਲ ਹੀ ਉਹਨਾਂ ਦੇ 40 ਦਿਨਾਂ ਦੇ ਬੱਚੇ ਨੂੰ ਉਸਦੇ ਹੀ ਲਹੂ ਵਿੱਚ ਡੋਬ ਦਿੱਤਾ ਗਿਆ। ਪਿਛਲੇ ਵਰ੍ਹੇ ਮੋਗਾ ਜਿਲੇ ਦੇ ਪਿੰਡ ਬੱਧਨੀ ਕਲਾਂ ਵਿੱਚ ਘਰਦਿਆਂ ਦੇ ਉਲਟ ਜਾ ਕੇ ਆਪਣੀ ਮਰਜੀ ਨਾਲ ਪ੍ਰੇਮ ਵਿਆਹ ਕਰਨ ਵਾਲ਼ੇ ਨੌਜਵਾਨ ਗੁਲਾਬ ਸਿੰਘ ਦਾ ਕੁੜੀ ਦੇ ਪਰਿਵਾਰ ਵੱਲੋਂ ਬੇਰਹਿਮੀ ਨਾਲ਼ ਕਤਲ ਕਰ ਦਿੱਤਾ ਗਿਆ। ਪਹਿਲਾਂ ਗੁਲਾਬ ਸਿੰਘ ਦਾ ਅੱਧਾ ਗਲ਼ ਵੱਢਿਆ, ਫੇਰ ਬਾਹਾਂ ਦੇ ਦੋਵੇਂ ਗੁੱਟ ਵੱਢ ਦਿੱਤੇ, ਫੇਰ ਲੱਤਾਂ ‘ਤੇ ਤਲਵਾਰਾਂ ਨਾਲ਼ ਹਮਲਾ ਕੀਤਾ ਗਿਆ ਤੇ ਅੰਤ ਅੱਧਮਰੇ ਗੁਲਾਬ ਦੇ ਪੇਟ ਵਿੱਚ ਗੋਲ਼ੀਆਂ ਮਾਰੀਆਂ। ਜੇ ਉਪਰੋਕਤ ਕੁੱਝ ਘਟਨਾਵਾਂ ਤੋਂ ਤੁਹਾਨੂੰ ਕੋਈ ਪ੍ਰੇਸ਼ਾਨੀ ਹੋ ਰਹੀ ਹੈ ਤਾਂ ਇਹ ਜਾਣ ਲਓ ਕਿ ਹਰ ਸਾਲ ਅਜਿਹੀਆਂ ਹਜ਼ਾਰਾਂ ਵਾਰਦਾਤਾਂ ਦੇ ਤਮਗੇ ਸਾਡੀ ਅਖੌਤੀ ਮਹਾਨ ਭਾਰਤੀ ਸੱਭਿਅਤਾ ਦੀ ਹਿੱਕ ‘ਤੇ ਟੰਗੇ ਜਾਂਦੇ ਹਨ। ਇੱਕ ਗੈਰ-ਸਰਕਾਰੀ ਸੰਸਥਾ ਮੁਤਾਬਕ ਭਾਰਤ ਵਿੱਚ ਹਰ ਸਾਲ 5000 ਤੋਂ ਵੱਧ ਨੌਜਵਾਨ ਅਣਖ ਦੇ ਨਾਮ ‘ਤੇ ਕਤਲ ਕੀਤੇ ਜਾਂਦੇ ਹਨ। ਪਰ ਇਹ ਦੱਸਣ ਦੀ ਲੋੜ ਨਹੀਂ ਕਿ ਅਸਲ ਗਿਣਤੀ ਕਿਤੇ ਵਧੇਰੇ ਹੈ ਜਿਸ ਵਿੱਚ ਪੁਲਿਸ, ਪ੍ਰਸ਼ਾਸ਼ਨ ਦੀ ਮਿਲੀ-ਭੁਗਤ ਨਾਲ “ਬਾਹਰੋ-ਬਾਹਰ” ਮਾਮਲੇ ਨਿਪਟਾ ਲਏ ਜਾਂਦੇ ਹਨ। ਇਹਨਾਂ ਵਿੱਚੋਂ ਜ਼ਿਆਦਾਤਰ ਘਟਨਾਵਾਂ ਹਰਿਆਣੇ, ਪੰਜਾਬ ਤੇ ਪੂਰਬੀ ਉੱਤਰ ਪ੍ਰਦੇਸ ਵਿੱਚ ਹੁੰਦੀਆਂ ਹਨ। ਕਹਿਣ ਨੂੰ ਤਾਂ ਪ੍ਰੇਮੀ ਜੋੜਿਆਂ ਦੇ ਹੱਕ ਵਿੱਚ ਕਨੂੰਨ ਵੀ ਬਣਾਇਆ ਗਿਆ ਹੈ ਤੇ ਉਹਨਾਂ ਨੂੰ ਸੁਰੱਖਿਆ ਮੁਹੱਈਆ ਵੀ ਕਰਵਾਈ ਜਾਂਦੀ ਹੈ। ਪਰ ਇੱਕ ਤਾਂ ਇਸ ਭ੍ਰਿਸ਼ਟ ਪ੍ਰਬੰਧ ਵਿੱਚ ਕਨੂੰਨ ਵੀ ਜ਼ਿਆਦਾਤਰ ਆਰਥਿਕ-ਸਿਆਸੀ ਰਸੂਖ ਵਾਲ਼ਿਆਂ ਦੇ ਹੱਕ ਵਿੱਚ ਭੁਗਤਦਾ ਹੈ ਜਿਸ ਕਰਕੇ ਬਹੁਤ ਥੋੜੇ ਹਿੱਸੇ ਨੂੰ ਹੀ ਰਾਹਤ ਮਿਲਦੀ ਹੈ। ਦੂਜਾ, ਸਮੁੱਚਾ ਪੁਲਿਸ, ਪ੍ਰਸ਼ਾਸ਼ਨ, ਨੌਕਰਸ਼ਾਹੀ ਢਾਂਚਾ ਤੇ ਸਿਆਸਤਦਾਨ ਖੁਦ ਇਸੇ ਸਮਾਜ ਦਾ ਅੰਗ ਹਨ, ਉਹ ਆਪਣੇ ਅਹੁਦਿਆਂ ਤੋਂ ਪਹਿਲਾਂ ਇਸੇ ਸਮਾਜ ਦੇ ਨਾਗਰਿਕ ਹਨ ਜਿਸ ਕਰਕੇ ਇਹਨਾਂ ਵਿੱਚੋਂ ਬਹੁਤ ਖੁਦ ਨੌਜਵਾਨਾਂ ਨੂੰ ਆਪਣੀ ਜਿੰਦਗੀ ਦੇ ਫੈਸਲੇ ਕਰਨ ਦੀ ਅਜ਼ਾਦੀ ਨਾ ਦੇਣ ਅਤੇ ਅਣਖ ਦੇ ਨਾਮ ‘ਤੇ ਕਤਲ ਕਰਨ ਦੇ ਹਮਾਇਤੀ ਹਨ। ਅਸਲ ਵਿੱਚ ਇਹ ਕੋਈ ਨਿਰੋਲ ਕਨੂੰਨ ਦੀ ਸਮੱਸਿਆ ਹੈ ਵੀ ਨਹੀਂ। ਅਣਖ ਦੇ ਨਾਮ ‘ਤੇ ਹੁੰਦੇ ਇਹਨਾਂ ਕਤਲਾਂ ਦੀਆਂ ਜੜ੍ਹਾਂ ਮੌਜੂਦਾ ਸਮਾਜਿਕ ਢਾਂਚੇ ਅਤੇ ਸਮਾਜ ਵਿੱਚ ਵਿਆਪਕ ਰੂਪ ਵਿੱਚ ਪਸਰੀ ਗੰਧਲੀ ਮਾਨਸਿਕਤਾ ਤੇ ਸੱਭਿਆਚਾਰ ਵਿੱਚ ਪਈਆਂ ਹਨ। ਅਣਖ ਦੇ ਨਾਮ ‘ਤੇ ਹੁੰਦੇ ਇਹਨਾਂ ਕਤਲਾਂ ਵਿੱਚੋਂ ਜ਼ਿਆਦਾਤਰ ਕਤਲ ਆਪਣੀ ਮਰਜੀ ਨਾਲ਼ ਵਿਆਹ ਕਰਵਾਉਣ ਕਾਰਨ ਹੁੰਦੇ ਹਨ। ਇਸਦੇ ਨਾਲ਼ ਜੁੜੇ ਹੋਰ ਕਾਰਨ ਹਨ- ਦੂਜੀ ਜਾਤ ਵਿੱਚ ਵਿਆਹ ਕਰਵਾਉਣਾ, ਆਪਣੇ ਪਿੰਡ ਜਾਂ ਗੋਤ ਵਿੱਚ ਵਿਆਹ ਕਰਵਾਉਣਾ ਤੇ ਵਿਆਹ ਤੋਂ ਬਾਹਰੀ ਸਬੰਧ ਹੋਣਾ ਹੈ। ਅਣਖ ਦੇ ਨਾਮ ‘ਤੇ ਹੁੰਦੇ ਇਹ ਕਤਲ ਨੌਜਵਾਨਾਂ ਨੂੰ ਆਪਣੀ ਜਿੰਦਗੀ ਦੇ ਫੈਸਲੇ ਆਪ ਕਰਨ ਦਾ ਮਨੁੱਖੀ ਹੱਕ ਨਾ ਦੇਣ ਦੀ ਹੈਂਕੜ ਅਤੇ ਨੌਜਵਾਨਾਂ ਵੱਲੋਂ ਆਪਣੇ ਫੈਸਲੇ ਆਪ ਕਰਨ ਨਾਲ਼ ਟੁੱਟੀ ਇਸ ਹੈਂਕੜ ਵਿੱਚੋਂ ਉਪਜਿਆ ਵਹਿਸ਼ੀ ਗੁੱਸਾ ਹੁੰਦਾ ਹੈ ਜਿਸ ਵਿੱਚ ਮਨੁੱਖੀ ਸੰਵੇਦਨਾਵਾਂ, ਰਿਸ਼ਤੇ, ਪਿਆਰ ਦੀ ਉੱਕਾ ਹੀ ਅਣਹੋਂਦ ਹੁੰਦੀ ਹੈ। ਨੌਜਵਾਨਾਂ ਨੂੰ ਕਤਲ ਕੀਤੇ ਜਾਣਾ ਇਸ ਸੜਾਂਦ ਮਾਰਦੀ ਹੈਂਕੜ ਤੇ ਗੰਧਲੀ ਮਾਨਸਿਕਤਾ ਦਾ ਇੱਕ ਰੂਪ ਹੈ। ਇਸ ਤੋਂ ਬਿਨਾਂ ਵਿਆਹੇ ਜਾਂ ਪ੍ਰੇਮੀ ਜੋੜਿਆਂ ਨੂੰ ਜਾਂ ਸਿਰਫ ਕੁੜੀ ਨੂੰ ਖੁਦਕੁਸ਼ੀ ਕਰਨ ਲਈ ਮਜਬੂਰ ਕਰਨਾ, ਵਿਆਹੁਤਾ ਜੋੜਿਆਂ ਨੂੰ ਕੁੱਟਣਾ, ਧਮਕਾਉਣਾ, ਸਮਾਜਿਕ ਬਾਈਕਾਟ ਕਰਨਾ, ਸਮਾਜਿਕ ਤੌਰ ‘ਤੇ ਬੇਇੱਜਤ ਕਰਨਾ, ਘਰ-ਘਾਟ ਛੱਡਣ ਲਈ ਮਜਬੂਰ ਕਰਨਾ, ਨੌਜਵਾਨਾਂ ਦਾ ਉਹਨਾਂ ਦੀ ਇੱਛਾ ਦੇ ਖਿਲਾਫ਼ ਵਿਆਹ ਕਰਨਾ ਅਤੇ ਇੱਥੋਂ ਤੱਕ ਕਿ ਬਦਲੇ ਲਈ ਜਾਂ ਸਬਕ ਸਿਖਾਉਣ ਲਈ ਕਈ ਵਾਰੀ ਲੜਕੀ ਦਾ ਯੌਨ-ਸ਼ੋਸ਼ਣ ਤੇ ਬਲਾਤਕਾਰ ਕਰਨਾ ਵੀ ਇਸੇ ਘਟੀਆ ਤੇ ਅਣਮਨੁੱਖੀ ਸੋਚ ਦਾ ਹਿੱਸਾ ਹਨ। ਲੜਕੀਆਂ ਨੂੰ ਤਾਂ ਇਸ ਤੋਂ ਵੀ ਜ਼ਿਆਦਾ ਸਹਿਣ ਕਰਨਾ ਪੈਂਦਾ ਹੈ। ਪ੍ਰੇਮ ਸਬੰਧਾਂ ਦਾ ਮਾਪਿਆਂ ਜਾਂ ਭਰਾਵਾਂ ਨੂੰ ਪਤਾ ਲੱਗਣ ‘ਤੇ ਕੁੱਟਮਾਰ ਕਰਨਾ, ਪੜਾਈ ਛੁਡਵਾਉਣਾ, ਘਰ ਵਿੱਚ ਕੈਦੀ ਬਣਾਕੇ ਰੱਖਣਾ, ਝੱਟਪਟ ਵਿਆਹ ਕਰਨਾ, ਮਾਨਸਿਕ ਤੇ ਸਰੀਰਿਕ ਤਸੀਹੇ ਦੇਣਾ ਵੀ ਇਸੇ “ਅਣਖੀ” ਮਾਨਸਿਕਤਾ ਦਾ ਹਿੱਸਾ ਹੈ ਜਿਸ ਨੂੰ ਸੱਭਿਅਕ ਤੇ ਅਗਾਂਹਵਧੂ ਕਹਾਉਂਦੇ ਪੜ੍ਹੇ ਲਿਖੇ ਪਰਿਵਾਰਾਂ ਵਿੱਚ ਵੀ ਆਮ ਦੇਖਿਆ ਜਾ ਸਕਦਾ ਹੈ। ਸਾਡੇ ਭਾਰਤੀ (ਸਮੇਤ ਪੰਜਾਬੀ) ਸਮਾਜ ਵਿੱਚ ਮਨੁੱਖੀ ਰਿਸ਼ਤਿਆਂ, ਪਰਿਵਾਰਕ ਸਬੰਧਾਂ ਵਿੱਚ ਨਿੱਜਤਾ, ਜਮਹੂਰੀਅਤ ਤੇ ਵਿਅਕਤੀਗਤ ਅਜਾਦੀ ਜਿਹੇ ਸੰਕਲਪਾਂ ਦੀ ਬਹੁਤ ਘਾਟ ਹੈ। ਇਹਨਾਂ ਕਾਰਨ ਹੀ ਨੌਜਵਾਨਾਂ ਨੂੰ ਆਪਣੀ ਜ਼ਿੰਦਗੀ ਦੇ ਅਹਿਮ ਫੈਸਲੇ ਲੈਣ ਤੋਂ ਵਾਂਝਿਆ ਰੱਖਿਆ ਜਾਂਦਾ ਹੈ। ਵਿਆਹ ਤਾਂ ਬਹੁਤ ਵੱਡਾ ਮਸਲਾ ਹੈ, ਉਸ ਤੋਂ ਵੀ ਪਹਿਲਾਂ ਪਹਿਰਾਵੇ, ਖਾਣ-ਪੀਣ, ਧਰਮ, ਸ਼ੌਕ, ਰੁਚੀਆਂ, ਨਾ-ਪਸੰਦਗੀਆਂ, ਮਿੱਤਰ-ਮੰਡਲੀ, ਪੜ੍ਹਾਈ ਤੇ ਕਿੱਤੇ ਦੀ ਚੋਣ ਜਿਹੇ ਜਿੰਦਗੀ ਦੇ ਨਿੱਕੇ ਤੋਂ ਲੈ ਕੇ ਵੱਡੇ ਮਸਲਿਆਂ ਤੱਕ ਨੌਜਵਾਨਾਂ ਦੀ ਅਜ਼ਾਦੀ ਨੂੰ ਬੁਰੀ ਤਰ੍ਹਾਂ ਕੁਚਲਿਆ ਜਾਂਦਾ ਹੈ। ਪੁਰਾਣੀ ਪੀੜ੍ਹੀ ਦੇ ਇਹਨਾਂ ਜਮਹੂਰੀਅਤ ਤੇ ਅਜ਼ਾਦੀ ਵਿਰੋਧੀ ਵਿਚਾਰਾਂ ਦੀਆਂ ਜੜ੍ਹਾਂ ਸਮਾਜਕ ਢਾਂਚੇ ਵਿੱਚ ਹਨ, ਪਰ ਪੁਰਾਣੀ ਪੀੜ੍ਹੀ ਹੀ ਮੁੱਖ ਰੂਪ ਵਿੱਚ ਇਹਨਾਂ ਦੀ ਵਾਹਕ ਬਣਦੀ ਹੈ ਤੇ ਇਹਨਾਂ ਨੂੰ ਨਵੀਂ ਪੀੜੀ ‘ਤੇ ਥੋਪਦੀ ਜਾਂਦੀ ਹੈ। ਦੂਜੇ ਪਾਸੇ ਇਹਨਾਂ ਵਿਚਾਰਾਂ ਤੋੰ ਪੀੜਤ ਨਵੀਂ ਪੀੜੀ ਨੂੰ ਜਿੰਦਗੀ ਦੇ ਹਰ ਕਦਮ ‘ਤੇ ਇਸ ਕਦਰ ਬੇਕਿਰਕੀ ਨਾਲ ਕੁਚਲਿਆ ਜਾਂਦਾ ਹੈ ਕਿ ਇੱਕ ਉਮਰ ਮਗਰੋਂ ਉਹ ਖੁਦ ਇਹਨਾਂ ਵਿਚਾਰਾਂ ਨੂੰ ਪ੍ਰਵਾਨ ਕਰ ਲੈਂਦੇ ਹਨ ਤੇ ਮੁੜ ਇਨ੍ਹਾਂ ਨੂੰ ਅੱਗੋਂ ਹੋਰ ਨਵਿਆਂ ‘ਤੇ ਥੋਪਣਾ ਸ਼ੁਰੂ ਕਰ ਦਿੰਦੇ ਹਨ। ਇਹ ਅਸਲ ਵਿੱਚ ਨਵੇਂ ਤੇ ਪੁਰਾਣੇ ਦੀ ਟੱਕਰ ਹੈ। ਜਿਸ ਵਿੱਚ ਨਵਾਂ ਪੁਰਾਣੇ ਨਾਲੋਂ ਬਿਹਤਰ, ਊਰਜਾਵਾਨ ਹੈ ਪਰ ਪੁਰਾਣੇ ਕੋਲ ਆਪਣੀ ਜੜ੍ਹਤਾ ਦੀ ਤਾਕਤ ਹੈ, ਉਹ ਆਪਣੀ ਗੱਦੀ ਛੱਡਣੀ ਨਹੀਂ ਚਾਹੁੰਦਾ ਤੇ ਹਰ ਹਾਲ ਨਵੇਂ ਨੂੰ ਆਪਣੇ ਪੱਖ ਵਿੱਚ ਕਰਨਾ ਜਾਂ ਫਿਰ ਖਤਮ ਕਰਨਾ ਲੋਚਦਾ ਹੈ। ਇਹ ਪੁਰਾਣੇ ਤੇ ਨਵੇਂ ਸਮਾਜ, ਸੱਭਿਆਚਾਰ, ਵਿਚਾਰਾਂ, ਪ੍ਰੰਪਰਾਵਾਂ ਦੀ ਲੜਾਈ ਹੈ। ਪੁਰਾਣੇ ਕੋਲ ਪਰਿਵਾਰ, ਸਮਾਜ, ਰਸਮਾਂ-ਰਿਵਾਜ, ਸੱਭਿਆਚਾਰ, ਖਾਪ ਪੰਚਾਇਤਾਂ, ਸਿੱਖਿਆ, ਕਲਾ, ਸਾਹਿਤ ਜਿਹੀਆਂ ਬਹੁਤ ਸਾਰੀਆਂ ਸੰਸਥਾਵਾਂ ਦੀ ਤਾਕਤ ਹੈ ਜਦਕਿ ਨਵੇਂ ਨੇ ਹਾਲੇ ਪੈਰ ਜਮਾਉਣੇ ਹਨ, ਪਰ ਨਵੇਂ ਕੋਲ਼ ਉਮੀਦਾਂ ਦੀਆਂ ਉਡਾਰੀਆਂ, ਭਵਿੱਖ ਦੇ ਸੁਖ਼ਨ ਸੁਪਨੇ, ਵਿਗਿਆਨ ਦੀ ਸੱਚਾਈ ਤੇ ਇਤਿਹਾਸ ਦੇ ਸਬਕ ਹਨ ਜੋ ਆਖਦੇ ਹਨ ਕਿ ਇਸ ਸੰਗਰਾਮ ਵਿੱਚ ਨਵੇਂ ਦਾ ਜਿੱਤਣਾ ਅਟੱਲ ਹੈ। ਅਖੌਤੀ “ਇੱਜਤ” ਦੇ ਨਾਮ ‘ਤੇ ਹੁੰਦੇ ਇਹ ਕਤਲ ਸਾਡੇ ਸਮਾਜ ਵਿਚਲੀ ਔਰਤਾਂ ਦੀ ਦੋਇਮ ਦਰਜੇ ਦੀ ਹਾਲਤ ਤੇ ਉਹਨਾਂ ਸਿਰ ਮੜ੍ਹੀਆਂ “ਇੱਜਤ” ਸੰਭਾਲਣ ਦੀਆਂ ਜ਼ਿੰਮੇਵਾਰੀਆਂ ਨਾਲ਼ ਵੀ ਜੁੜੇ ਹੋਏ ਹਨ। ਸੰਖੇਪ ਵਿੱਚ ਗੱਲ ਕਰੀਏ ਤਾਂ ਔਰਤਾਂ ਉੱਪਰ “ਇੱਜਤ” ਨੂੰ ਸੰਭਾਲਣ ਦਾ ਬੋਝ ਇਤਿਹਾਸ ਵਿੱਚ ਉਦੋਂ ਤੋਂ ਹੀ ਲੱਦ ਦਿੱਤਾ ਗਿਆ ਸੀ ਜਦੋਂ ਨਿੱਜੀ ਜਾਇਦਾਦ ਹੋਂਦ ਵਿੱਚ ਆਈ ਤੇ ਇਸ ਜਾਇਦਾਦ ਦੀ ਮਾਲਕੀ ਮਰਦਾਂ ਹਿੱਸੇ ਆਈ। ਮਰਦਾਂ ਨੂੰ ਆਪਣੀ ਇਸ ਜਾਇਦਾਦ ਲਈ ਜਾਇਜ਼ ਵਾਰਿਸ ਚਾਹੀਦਾ ਸੀ ਤੇ ਇਸ ਵਾਰਿਸ ਦੀ ਜਾਇਜ਼ਤਾ ਲਈ ਜਰੂਰੀ ਹੈ ਕਿ ਔਰਤ ਵਫ਼ਾਦਾਰ ਰਹੇ। ਇਸੇ ਕਰਕੇ ਅੱਜ ਤੱਕ ਵੀ ਔਰਤਾਂ ਤੋਂ ਤਾਂ ਸਖਤੀ ਨਾਲ ਵਫ਼ਾਦਾਰੀ ਦੀ ਮੰਗ ਕੀਤੀ ਜਾਂਦੀ ਪਰ ਮਰਦਾਂ ਦੇ ਕਈ ਥਾਂ ਸਬੰਧ ਬਣਾਉਣ ਨੂੰ ਵਡਿਆਇਆ ਜਾਂਦਾ ਹੈ। ਇੱਥੋਂ ਹੀ ਔਰਤਾਂ ਦੀ ਅਧੀਨਗੀ ਦੀ ਸ਼ੁਰੂਆਤ ਹੋਈ ਤੇ ਉਹਨਾਂ ਉੱਪਰ ਪਾਬੰਦੀਆਂ ਮੜ੍ਹੀਆਂ ਗਈਆਂ। ਇਸ ਅਧੀਨਗੀ ਦਾ ਘੇਰਾ ਸਿਰਫ਼ ਵਿਆਹ ਤੋਂ ਬਾਹਰ ਸਬੰਧ ਬਣਾਉਣ ਤੋਂ ਵੀ ਅੱਗੇ ਵਧਕੇ ਉਹਨਾਂ ਦੀ ਜਿੰਦਗੀ ਦੇ ਹਰ ਨਿੱਕੇ ਤੋਂ ਨਿੱਕੇ ਪੱਖ ਤੱਕ ਵੀ ਫੈਲ ਗਿਆ। ਭਾਰਤੀ ਸਮਾਜ ਵਿੱਚ ਤਾਂ ਇਹ ਅਧੀਨਗੀ ਇੰਨੇ ਬੁਰੇ ਰੂਪ ਵਿੱਚ ਹੈ ਕਿ ਔਰਤ ਨੂੰ ਪੈਰ ਦੀ ਜੁੱਤੀ ਦਾ ਦਰਜਾ ਦਿੱਤਾ ਜਾਂਦਾ ਹੈ। ਜੇ ਕੋਈ ਔਰਤ ਆਪਣੀ ਮਰਜੀ ਨਾਲ ਕੋਈ ਫੈਸਲਾ ਲੈਂਦੀ ਹੈ ਤਾਂ ਅਧੀਨਗੀ ਦੀ ਇਸ ਸੱਤ੍ਹਾ ਨੂੰ ਸੱਟ ਵੱਜਦੀ ਹੈ ਤੇ ਇਹ ਸੱਤ੍ਹਾ ਫਿਰ ਉਸ ਔਰਤ ਨਾਲ ਆਪਣੇ ਸਭ ਮਨੁੱਖੀ ਰਿਸ਼ਤੇ ਭੁੱਲ ਕੇ (ਜੋ ਸ਼ਾਇਦ ਕਦੇ ਹੁੰਦੇ ਵੀ ਨਹੀਂ) ਇਸ ਸੱਟ ਦਾ ਬਦਲਾ ਔਰਤ ਤੋਂ ਲੈਂਦੇ ਹਨ। ਸਾਡੇ ਸਮਾਜ ਵਿੱਚ ਨਿੱਜੀ ਜਾਇਦਾਦ ਦੀ ਰਾਖੀ ਨਾਲ ਜੁੜਿਆ ਅਖੌਤੀ “ਇੱਜਤ” ਦਾ ਘੜਾ ਜੋ ਔਰਤਾਂ ਦੇ ਸਿਰ ਰੱਖਿਆ ਜਾਂਦਾ ਹੈ ਉਹ ਉਹਨਾਂ ਦੀ ਹਰ ਇੱਛਾ, ਉਮੀਦ, ਚਾਅ ਨੂੰ ਦੱਬ ਲੈਂਦਾ ਹੈ ਤੇ ਜੇ ਕੋਈ ਕੁੜੀ ਆਪਣੀ ਜਿੰਦਗੀ ਦਾ ਕੋਈ ਫੈਸਲਾ ਆਪਣੀ ਮਰਜੀ ਨਾਲ਼ ਲੈਣ ਲਗਦੀ ਹੈ ਤਾਂ ਇਹ ਇੱਜਤ ਦਾ ਘੜਾ ਮੜਿੱਕਣਾ ਸ਼ੁਰੂ ਕਰ ਦਿੰਦਾ ਹੈ। ਇਹ ਸਾਡੇ ਮਹਾਨ ਸੱਭਿਆਚਾਰ ਦੀ ਹਾਸੋਹੀਣੀ ਤ੍ਰਾਸਦੀ ਹੈ ਕਿ ਔਰਤਾਂ ਦਾ ਗੁਲਾਮ ਬਣੇ ਰਹਿਣਾ, ਆਪਣੀਆਂ ਖੁਸ਼ੀਆਂ, ਚਾਵਾਂ, ਉਮੀਦਾਂ, ਸੁਪਨਿਆਂ ਦਾ ਕਤਲ ਕਰ ਲੈਣਾ ਪਰਿਵਾਰ ਦੀ “ਇੱਜਤ” ਤੇ “ਸ਼ਾਨ” ਹੈ ਤੇ ਇਸਦੇ ਉਲਟ ਉਹਨਾਂ ਵੱਲੋਂ ਆਪਣੀ ਜਿੰਦਗੀ ਦੇ ਫੈਸਲੇ ਆਪ ਲੈਣ ਦੇ ਕਾਬਲ ਬਣਨਾ, ਆਪਣੇ ਸੁਪਨਿਆਂ, ਖੁਸ਼ੀਆਂ ਤੇ ਉਮੀਦਾਂ ਲਈ ਜਿਉਣਾ ਤੇ ਇੱਕ ਜਿੰਮੇਵਾਰ ਅਤੇ ਉਸਨੂੰ ਕਤਲ ਕਰਨ ਤੋਂ ਬਿਨਾਂ ਹੋਰ ਕਰ ਵੀ ਕੀ ਸਕਦਾ ਹੈ? ਜੋ ਸਮਾਜ ਔਰਤ ਨੂੰ ਪੈਰ ਦੀ ਜੁੱਤੀ ਸਮਝਦਾ ਹੈ ਜਾਂ ਫਿਰ ਤਰਸ ਦਾ ਪਾਤਰ ਸਮਝਦਾ ਹੈ ਉਹ ਆਪਣੀ “ਅਣਖ” ਦੇ ਨਾਮ ‘ਤੇ ਉਸਨੂੰ ਕਤਲ ਹੀ ਕਰ ਸਕਦਾ ਹੈ। ਔਰਤਾਂ ਦੀ ਇਸ ਮੱਧਯੁਗੀ ਅਧੀਨਗੀ ਵਾਲੀ ਹਾਲਤ ਕਾਰਨ ਹੀ ਔਰਤਾਂ ਦੇ ਪਿਆਰ ਤੇ ਆਪਣੀ ਪਸੰਦ ਅਧਾਰਤ ਰਿਸ਼ਤਿਆਂ ਨੂੰ ਪ੍ਰਵਾਨ ਨਹੀਂ ਕੀਤਾ ਜਾਂਦਾ। ਕਿਉਂਕਿ ਪਿਆਰ, ਪਸੰਦ ਅਧਾਰਤ ਰਿਸ਼ਤੇ ਬਰਾਬਰੀ ਵਾਲਿਆਂ ਲੋਕਾਂ ਵਿੱਚ ਹੀ ਹੋ ਸਕਦੇ ਹਨ ਤੇ ਅਜਿਹੇ ਰਿਸ਼ਤੇ ਵੀ ਉਹਨਾਂ ਦੇ ਹੀ ਪ੍ਰਵਾਨ ਕੀਤੇ ਜਾ ਸਕਦੇ ਹਨ ਜਿਨ੍ਹਾਂ ਨੂੰ ਆਪਣੇ ਬਰਾਬਰ ਦੇ ਮਨੁੱਖ ਸਮਝਿਆ ਜਾਵੇ। ਇਸ ਕਾਰਨ ਔਰਤਾਂ ਨੂੰ ਪੈਰ ਦੀ ਜੁੱਤੀ ਮੰਨਣ ਵਾਲਿਆਂ ਨੂੰ ਔਰਤਾਂ ਦੇ ਆਪਣੀ ਪਸੰਦ ਨਾਲ ਬਣਾਏ ਰਿਸ਼ਤੇ ਕਦੇ ਹਜ਼ਮ ਹੀ ਨਹੀਂ ਆ ਸਕਦੇ ਸਗੋਂ ਉਹ ਔਰਤਾਂ ਨੂੰ ਆਪਣੇ ਵੱਲੋਂ ਥੋਪੇ ਰਿਸ਼ਤਿਆਂ ਵਿੱਚ ਹੀ ਵੇਖਣਾ ਚਾਹੁਣਗੇ। ਅਜਿਹਾ ਸਮਾਜ ਦੋ ਨਾਗਰਿਕਾਂ ਵੱਲੋਂ ਆਪਣੇ ਵਿਚਾਰਾਂ, ਪਸੰਦ ਤੇ ਚੋਣ ਮੁਤਾਬਕ ਬਣਾਏ ਸਭ ਤੋਂ ਵੱਧ ਉੱਨਤ ਕਿਸਮ ਦੇ ਰਿਸ਼ਤੇ ਨੂੰ ਪ੍ਰਵਾਨ ਨਹੀਂ ਕਰਦਾ ਪਰ ਦੂਜੇ ਪਾਸੇ ਤੈਅਸ਼ੁਦਾ ਤੇ “ਇੱਜਤਦਾਰ” ਵਿਆਹ ਦੇ ਨਾਮ ‘ਤੇ ਪਸ਼ੂਆਂ ਵਾਂਗ ਜਿਸਮਾਂ ਦੀ ਨੁਮਾਇਸ਼ ਲਾਉਂਦੀ “ਵੇਖ-ਵਿਖਾਈ” ਤੇ ਜਾਇਦਾਦ ਦਾ ਵਜ਼ਨ ਦੇਖ ਕੇ ਕੀਤੇ “ਸੌਦੇ” ਨੂੰ ਵਧੇਰੇ ਪਵਿੱਤਰ ਤੇ ਉੱਨਤ ਰਿਸ਼ਤਾ ਮੰਨਦਾ ਹੈ। ਅਸਲ ਵਿੱਚ ਨਿੱਜੀ ਜਾਇਦਾਦ ‘ਤੇ ਟਿਕੇ ਢਾਂਚੇ ਵਿੱਚ ਵਿਆਹ ਜਾਇਦਾਦ ਨੂੰ ਵਧਾਉਣ ਲਈ ਦੋ ਜਾਇਦਾਦਾਂ ਦਾ ਇੱਕ ਗੱਠਜੋੜ ਬਣਾਉਣ ਤੇ ਉਸ ਜਾਇਦਾਦ ਦਾ ਵਾਰਿਸ ਪੈਦਾ ਕਰਨ ਲਈ ਹੀ ਕੀਤਾ ਜਾਂਦਾ ਹੈ। ਇਹ ਵਿਆਹ ਨਹੀਂ ਸਗੋਂ ਦੋ ਮਨੁੱਖੀ ਜਿਸਮਾਂ ਦੇ ਓਹਲੇ ਜਾਇਦਾਦਾਂ ਵਿਚਕਾਰ ਹੀ ਸੌਦੇਬਾਜ਼ੀ ਹੁੰਦੀ ਹੈ। ਜਾਤ ਤੋਂ ਬਾਹਰ ਵਿਆਹ ਹੋਣ ਜਾਂ ਆਪਣੇ ਪਿੰਡ, ਗੋਤ ਆਦਿ ਵਿੱਚ ਵਿਆਹ ਕਰਨ ‘ਤੇ ਵੀ ਵਿਆਹ ਕੀਤੇ ਜਾਣਾ ਵੀ ਅਕਸਰ ਅਣਖ ਦੇ ਨਾਂ ਹੁੰਦੇ ਕਤਲਾਂ ਵਿੱਚ ਇੱਕ ਕਾਰਨ ਬਣਦਾ ਹੈ। ਇਹ ਵੀ ਨੌਜਵਾਨਾਂ ‘ਤੇ ਪਾਬੰਦੀਆਂ ਲਾਉਣ ਦੇ ਨਾਲ਼-ਨਾਲ਼ ਨੱਕ ਤੱਕ ਜਾਤ-ਪਾਤੀ ਤੁਅੱਸਬਾਂ ਦੇ ਚਿੱਕੜ ਵਿੱਚ ਡੁੱਬੀ ਮੱਧਯੁਗੀ ਮਾਨਸਿਕਤਾ ਤੇ ਪਛੜੇਵੇਂ ਦਾ ਹੀ ਹਿੱਸਾ ਹੈ। ਜਾਤ-ਪਾਤ ਸਾਡੇ ਸਮਾਜ ਨੂੰ ਹਜ਼ਾਰਾਂ ਸਾਲਾਂ ਤੋਂ ਚੰਬੜਿਆ ਉਹ ਕੋਹੜ ਹੈ ਜਿਸਦਾ ਕੋਈ ਵਿਗਿਆਨਕ ਅਧਾਰ ਹੀ ਨਹੀਂ ਹੈ ਤੇ ਜਿਨ੍ਹੇ ਹੁਣ ਤੱਕ ਲੱਖਾਂ ਲੋਕਾਂ ਦਾ ਲਹੂ ਵਹਾਇਆ ਹੈ, ਕਰੋੜਾਂ ਲੋਕਾਂ ਦੀ ਜ਼ਿੰਦਗੀ ਨਰਕਮਈ ਬਣਾਈ ਹੈ ਤੇ ਅੱਗੋਂ ਹੋਰ ਵੀ ਪਤਾ ਨਹੀਂ ਕਿੰਨਿਆਂ ਨੂੰ ਆਪਣਾ ਸ਼ਿਕਾਰ ਬਣਾਉਣਾ ਹੈ। ਇਸੇ ਤਰ੍ਹਾਂ ਪਿੰਡ ਜਾਂ ਗੋਤ ਅੰਦਰ ਵਿਆਹਾਂ ਨੂੰ ਪ੍ਰਵਾਨ ਨਾ ਕਰਨਾ ਵੀ ਅਗਿਆਨਤਾ ਦਾ ਹੀ ਸਿੱਟਾ ਹੈ। ਜਦੋਂ ਮੁੱਢ ਕਦੀਮੀ ਸਮਾਜ ਵਿੱਚ ਸਕਿਆਂ-ਸਬੰਧੀਆਂ ‘ਚ ਵਿਆਹਾਂ ‘ਤੇ ਪਾਬੰਦੀਆਂ ਸ਼ੁਰੂ ਕੀਤੀਆਂ ਗਈਆਂ ਸਨ ਉਸ ਦੌਰ ਨਾਲ਼ੋਂ ਅੱਜ ਹਜ਼ਾਰਾਂ ਪੀੜ੍ਹੀਆਂ ਬਾਅਦ ਇੱਕੋ ਗੋਤ ਜਾਂ ਪਿੰਡ ਦੇ ਸਭ ਲੋਕਾਂ ਵਿੱਚ ਕਾਫ਼ੀ ਦੂਰ ਤੱਕ ਵੀ ਕੋਈ ਸਿੱਧਾ ਪਰਿਵਾਰਕ ਸਬੰਧ ਬਚਿਆ ਹੀ ਨਹੀਂ ਹੈ। ਸਮਾਜ ਵਿੱਚ ਮੌਜੂਦ ਇਹ ਜਮਹੂਰੀਅਤ, ਅਜ਼ਾਦੀ ਵਿਰੋਧੀ ਮਾਨਸਿਕਤਾ ਕਾਰਨ ਨੌਜਵਾਨਾਂ ਨੂੰ ਆਪਣੀ ਜਿੰਦਗੀ ਦੇ ਫੈਸਲੇ ਨਹੀਂ ਲੈਣ ਦਿੱਤੇ ਜਾਂਦੇ, ਉਹਨਾਂ ਦੀ ਅਜ਼ਾਦ ਸੋਚਣੀ ਨੂੰ ਵਿਕਸਤ ਨਹੀਂ ਹੋਣ ਦਿੱਤਾ ਜਾਂਦਾ ਤੇ ਉਹਨਾਂ ਨੂੰ ਪੁਰਾਣੀਆਂ ਮੱਧਯੁਗੀ ਕਦਰਾਂ-ਕੀਮਤਾਂ ਨਾਲ ਬੰਨ੍ਹੀ ਰੱਖਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਇਹ ਸਿਰਫ਼ ਨੌਜਵਾਨ ਪੀੜ੍ਹੀ ਦੀ ਅਜਾਦੀ ਦਾ ਸਵਾਲ ਨਹੀਂ ਸਗੋਂ ਸਮੁੱਚੇ ਸਮਾਜ ਦੀ ਬਿਹਤਰੀ, ਵਿਕਾਸ ਤੇ ਸਿਰਜਣਾਤਮਕਤਾ ਦਾ ਵੀ ਸਵਾਲ ਹੈ। ਸਮਾਜ ਦੇ ਇੱਕ ਤਬਕੇ ਦੀ ਮਨੁੱਖੀ ਅਜ਼ਾਦੀ ‘ਤੇ ਪਾਬੰਦੀਆਂ ਲਾਉਣ ਵਾਲਾ ਦੂਜਾ ਤਬਕਾ ਖੁਦ ਆਪਣੇ ਮਨੁੱਖੀ ਗੁਣਾਂ ਤੋਂ ਵੀ ਦੂਰ ਹੁੰਦਾ ਜਾਂਦਾ ਹੈ ਅਤੇ ਮਹੌਲ ਵਿੱਚ ਸਮਾਜ ਦੀ ਕੋਈ ਬਿਹਤਰੀ, ਵਿਕਾਸ ਵੀ ਸੰਭਵ ਨਹੀਂ ਹੈ। ਜਿੱਥੇ ਨੌਜਵਾਨਾਂ ਨੂੰ ਆਪਣੀ ਜ਼ਿੰਦਗੀ ਦੇ ਹੀ ਫੈਸਲੇ ਲੈਣ ਦੀ ਅਜ਼ਾਦੀ ਨਹੀਂ, ਅਜਿਹੇ ਮਹੌਲ ਵਿੱਚ ਸਮੁੱਚੇ ਸਮਾਜ ਵਿਚਲੀ ਲੁੱਟ ਤੇ ਬੇਇਨਸਾਫ਼ੀ ਖਿਲਾਫ਼ ਲੜਨ, ਸਮਾਜ ਨੂੰ ਬਿਹਤਰ ਬਣਾਉਣ ਵਾਲੇ ਲੋਕ ਜਾਂ ਸਿਰਜਣਾਤਮਕ ਵਿਗਿਆਨੀ, ਕਲਾਕਾਰ, ਬੁੱਧੀਜੀਵੀ ਵੀ ਘੱਟ ਹੀ ਪੈਦਾ ਹੋ ਸਕਦੇ ਹਨ। ਇਹ ਮੱਧਯੁਗੀ ਕਦਰਾਂ-ਕੀਮਤਾਂ ਤੇ ਨੌਜਵਾਨਾਂ ਨੂੰ ਕੋਈ ਅਜ਼ਾਦੀ, ਜਮਹੂਰੀਅਤ ਨਾ ਦੇਣ ਦੀ ਮਾਨਸਿਕਤਾ ਨਿੱਜੀ ਜਾਇਦਾਦ ‘ਤੇ ਟਿਕੇ ਇਸ ਲੋਟੂ ਢਾਂਚੇ ਦੇ ਹੀ ਹਿੱਤ ਪੂਰਦੀ ਹੈ ਇਸ ਲਈ ਇਹ ਢਾਂਚਾ ਵੀ ਅਜਿਹੀਆਂ ਕਦਰਾਂ-ਕੀਮਤਾਂ ਤੋਂ ਲੈ ਕੇ ਅਣਖ ਦੇ ਨਾਮ ‘ਤੇ ਹੁੰਦੇ ਕਤਲਾਂ ਤੱਕ ਨੂੰ ਵੱਖੋ-ਵੱਖਰੇ ਰੂਪਾਂ ਵਿੱਚ ਬਚਾ ਕੇ ਰੱਖਦਾ ਹੈ ਤੇ ਹੋਰ ਹੱਲਾਸ਼ੇਰੀ ਦਿੰਦਾ ਹੈ। ਇਸ ਲਈ ਵਿਅਕਤੀਗਤ ਅਜ਼ਾਦੀ, ਬਰਾਬਰੀ ਤੇ ਜਮਹੂਰੀਅਤ ਦਾ ਸਵਾਲ, ਨੌਜਵਾਨਾਂ ਨੂੰ ਆਪਣੀ ਜਿੰਦਗੀ ਦੇ ਫੈਸਲੇ ਆਪ ਲੈਣ ਦੇਣ ਦਾ ਸਵਾਲ ਇਸ ਮਨੁੱਖਦੋਖੀ ਢਾਂਚੇ ਵਿਰੁੱਧ ਸੰਘਰਸ਼ ਦਾ ਵੀ ਸਵਾਲ ਹੈ। ਜਾਂ ਇੰਝ ਵੀ ਕਹਿ ਸਕਦੇ ਹਾਂ ਕਿ ਸਮਾਜ ਵਿੱਚ ਵਿਅਕਤੀਗਤ ਅਜ਼ਾਦੀ, ਜਮਹੂਰੀਅਤ ਤੇ ਨੌਜਵਾਨਾਂ ਦੇ ਪਿਆਰ ਅਧਾਰਤ ਰਿਸ਼ਤਿਆਂ ਦੀ ਪ੍ਰਵਾਨਗੀ ਦਾ ਕੋਈ ਵੀ ਸੰਘਰਸ਼ ਇਸ ਢਾਂਚੇ ਨੂੰ ਬਦਲਣ ਦੀ ਇਨਕਲਾਬੀ ਲੜਾਈ ਦਾ ਅੰਗ ਹੁੰਦਿਆਂ ਹੀ ਸਫ਼ਲ ਹੋ ਸਕਦਾ ਹੈ। ਇਸ ਲਈ ਜਿਸ ਇੱਜਤ ਤੇ ਸੱਭਿਆਚਾਰ ਦੇ ਨਾਮ ‘ਤੇ ਨੌਜਵਾਨਾਂ ਤੇ ਖਾਸ ਕਰਕੇ ਔਰਤਾਂ ਨੂੰ ਅਜ਼ਾਦੀ, ਬਰਾਬਰੀ ਤੋਂ ਵਾਂਝੇ ਰੱਖਿਆ ਜਾਂਦਾ ਹੈ, ਉਹਨਾਂ ਨੂੰ ਅਨੇਕਾਂ ਤਰ੍ਹਾਂ ਦੇ ਸਮਾਜਿਕ, ਮਾਨਸਿਕ ਤੇ ਸਰੀਰਕ ਤਸੀਹੇ ਝੱਲਣ ਲਈ ਮਜਬੂਰ ਕੀਤਾ ਜਾਂਦਾ ਹੈ ਤੇ ਕਈ ਵਾਰ ਕਤਲ ਵੀ ਕਰ ਦਿੱਤਾ ਜਾਂਦਾ ਹੈ ਉਸ ਇੱਜਤ, ਸੱਭਿਆਚਾਰ ਤੇ ਮੱਧਯੁਗੀ ਕਦਰਾਂ-ਕੀਮਤਾਂ ਦੀਆਂ ਲਾਜ਼ਮੀ ਹੀ ਧੱਜੀਆਂ ਉਡਾ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ। “ਲਲਕਾਰ – ਤਬਦੀਲੀ ਪਸੰਦ ਨੌਜਵਾਨਾਂ ਵਿਦਿਆਰਥੀਆਂ ਦੀ ਮੈਗਜ਼ੀਨ”, ਅੰਕ 52, 16 ਅਪ੍ਰੈਲ 2016