ਅਣਖ ਦੇ ਨਾਂ ’ਤੇ ਹੁੰਦੇ ਕਤਲ –ਪਰਮਜੀਤ ਸਿੰਘ ਕੱਟੂ ( ਇਸ ਆਰਟੀਕਲ ਵਿੱਚ ਜਾਣ-ਬੁੱਝ ਕੇ ਕੁਝ ਖੱਪੇ ਛੱਡੇ ਗਏ ਹਨ ਤਾਂ ਕਿ ਤੁਸੀਂ ਬਹਿਸ ਕਰ ਸਕੋ। ਬਹੁਤ ਕੁਝ ਇਸ ਵਿਸ਼ੇ ’ਤੇ ਛਪ ਜਾਣ ਦੇ ਬਾਵਜੂਦ ਵੀ ਇਹ ਆਰਟੀਕਲ ਇਸ ਕਰਕੇ ਲਿਖਿਆ ਕਿ ਜਦੋਂ ਤੱਕ ਬਿਮਾਰੀ ਖ਼ਤਮ ਨਹੀਂ ਹੁੰਦੀ, ਉਦੋਂ ਤੱਕ ਕੋਈ ਨਾ ਕੋਈ ਹੀਲਾ ਵਸੀਲਾ ਕਰਦੇ ਰਹਿਣਾ ਚਾਹੀਦਾ ਹੈ।) 18 ਸਤੰਬਰ ਨੂੰ ਪਿੰਡ ਗਰਨਾਵਠੀ (ਰੋਹਤਕ) ਵਿਖੇ ਨਿਧੀ ਬਰਾਕ (20) ਤੇ ਧਰਮਿੰਦਰ ਬਰਾਕ (23) ਦੀ ਪ੍ਰੇਮ ਵਿਆਹ ਕਰਵਾਉਣ ਬਦਲੇ ਲੜਕੀ ਦੇ ਪਰਿਵਾਰ ਵੱਲੋਂ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ, ਨਿਧੀ ਤੇ ਧਰਮਿੰਦਰ ਇਕੋ ਪਿੰਡ ਤੇ ਇਕ ਗੋਤ ਨਾਲ ਸਬੰਧਤ ਸਨ। ਇਸ ਘਟਨਾ ਤੋਂ ਇਕ ਹਫ਼ਤਾ ਪਿੱਛੋਂ ਹੀ 26 ਸਤੰਬਰ ਨੂੰ ਪਿੰਡ ਮੌੜ ਖੁਰਦ (ਬਠਿੰਡਾ) ਵਿਖੇ ਤਥਾ-ਕਥਿਤ ਇੱਜ਼ਤ ਦੇ ਨਾਮ ’ਤੇ ਇਕ ਪਰਿਵਾਰ ਦੀ ਆਪਣੀ ਹੀ ਲੜਕੀ ਦਾ ਕਤਲ ਕਰਕੇ ਸਬੂਤ ਮਿਟਾਉਣ ਲਈ ਰਾਤ ਨੂੰ ਹੀ ਚੋਰੀ-ਛਿਪੇ ਉਸ ਦਾ ਸਸਕਾਰ ਕਰਨ ਦੀ ਕੋਸ਼ਿਸ਼ ਕੀਤੀ ਗਈ । ਇਨ੍ਹਾਂ ਘਟਨਾਵਾਂ ਨੇ ਇਕ ਵਾਰ ਅਣਖ ਦੇ ਨਾਂ ਤੇ ਹੁੰਦੇ ਕਤਲਾਂ ਦਾ ਮੁੱਦਾ ਫਿਰ ਚਰਚਾ ਵਿਚ ਲਿਆ ਦਿੱਤਾ। ਇਸ ਮਾਮਲੇ ਵਿਚ ਬਹੁਤ ਸਵਾਲ ਨੇ ਜੋ ਸਾਡੇ ਤੋਂ ਜਵਾਬ ਮੰਗਦੇ ਨੇ ਤੇ ਜੇ ਅਸੀਂ ਇਨ੍ਹਾਂ ਸਵਾਲਾਂ ਨੂੰ ਸੰਜੀਦਗੀ ਨਾਲ ਨਾ ਹੱਲ ਕੀਤਾ ਤਾਂ ਇਤਿਹਾਸ ਸਾਡੇ ਤੇ ਸਵਾਲ ਕਰੇਗਾ ਤੇ ਫਿਰ ਸਾਡੇ ਕੋਲ ਜਵਾਬ ਦੇਣ ਦਾ ਵੇਲਾ ਲੰਘ ਚੁੱਕਾ ਹੋਵੇਗਾ ਅਤੇ ਅਸੀਂ ਮੁਜ਼ਰਮਾਂ ਦੀ ਕਤਾਰ ਵਿਚ ਖੜ੍ਹੇ ਹੋਵਾਂਗੇ... ਇਨ੍ਹਾਂ ਸਵਾਲਾਂ ਬਾਰੇ ਗੱਲ ਕਰਨ ਤੋਂ ਪਹਿਲਾਂ ਅਣਖ ਦੇ ਨਾਂ ਤੇ ਹੁੰਦੇ ਕਤਲਾਂ ਦੇ ਸੰਖੇਪ ਇਤਿਹਾਸ ’ਤੇ ਨਜ਼ਰ ਮਾਰਦੇ ਹਾਂ। ਇਤਿਹਾਸ ’ਤੇ ਸਰਸਰੀ ਮਾਰੀਏ ਤਾਂ ਪਤਾ ਚਲਦਾ ਹੈ ਕਿ ਮੈਸੋਪਟਾਮੀਆਂ ਸਭਿਅਤਾ ਵਿਚ 1075 ੲੀ.ਪੂ. ਅਸਾਈਰੀਅਨ ਲਾਅ ਸੀ ਜਿਸ ਅਨੁਸਾਰ ਆਪਣਾ ਕੁਆਰਾਪਣ ਭੰਗ ਕਰਨ ਵਾਲੀ ਲੜਕੀ ਨੂੰ ਉਸਦਾ ਪਿਤਾ ਸਜ਼ਾ ਦੇਵੇਗਾ ਇਸੇ ਤਰ੍ਹਾਂ 1790 ਈ.ਪੂ.ਬੇਬੀਲੋਨ ਚ ਕੋਡ ਆੱਫ ਹੈਮੁਰਾਬੀ ਜਾਰੀ ਕੀਤਾ ਗਿਆ ਜਿਸ ਅਨੁਸਾਰ ਪਰ ਪੁਰਸ਼ਗਾਮੀ ਜਾਂ ਪਰ ਇਸਤਰੀਗਾਮੀ ਨੂੰ ਪਾਣੀ ’ਚ ਡਬੋ ਕੇ ਮਾਰ ਦਿੱਤਾ ਜਾਂਦਾ ਸੀ ਇਤਿਹਾਸ ਦੇ ਬਹੁਤ ਸਾਰੇ ਪੜਾਅ ਲੰਘ ਗਏ ਤੇ ਇਹ ਕਤਲੇਆਮ ਜਾਰੀ ਰਿਹਾ ਭਾਵੇਂ ਕਿ ਇਸਦੇ ਕਾਰਨ ਤੇ ਢੰਗ ਬਦਲਦੇ ਰਹੇ..... ਵਿਸ਼ਵ ਪੱਧਰ ’ਤੇ ਤਿੰਨ ਕਾਰਨਾਂ ਕਰਕੇ ਅਣਖ਼ ਦੀ ਖ਼ਾਤਿਰ ਕਤਲ ਕੀਤੇ ਜਾਂਦੇ ਹਨ : (ੳ) ਪਰਿਵਾਰ ਜਾਂ ਭਾਈਚਾਰੇ ਮਰਜ਼ੀ ਦੇ ਖਿਲਾਫ ਪਹਿਰਾਵਾ ਪਾਉਣਾ ਜਾਂ ਪ੍ਰਚਲਿਤ ਕਰਨਾ (ਅ) ਪਰਿਵਾਰ ਦੀ ਮਰਜ਼ੀ ਅਨੁਸਾਰ ਵਿਆਹ ਨਾ ਕਰਵਾਉਣਾ ਜਾਂ ਆਪਣੀ ਮਰਜ਼ੀ ਅਨੁਸਾਰ ਵਿਆਹ ਕਰਵਾਉਣਾ (ੲ) ਕਿਸੇ ਮਰਦ ਜਾਂ ਔਰਤ ਨਾਲ ਕਾਮ ਕ੍ਰੀੜਾ ਕਰਨਾ ਸਾਡੇ ਇਤਿਹਾਸ ’ਚ ਵੀ ਅਣਖ਼ ਦੀ ਖ਼ਾਤਿਰ ਕਤਲ ਬਹੁਤ ਵੱਡੇ ਪੱਧਰ ’ਤੇ ਹੋਏ ਮਿਲਦੇ ਹਨ ਜੋ ਦੇਸ਼ ਵੰਡ ਦੇ ਸਮੇਂ 1947 ਤੋਂ ਲੈ ਕੇ 1950 ਦੇ ਦਰਮਿਆਨ ਵਾਪਰਦੇ ਹਨ ਵੰਡ ਸਮੇਂ ਬਹੁਤ ਔਰਤਾਂ ਨੂੰ ਪਰਿਵਾਰ ਦੀ ਅਣਖ਼ ਨੂੰ ਬਚਾਉਣ ਦੇ ਨਾਂ ’ਤੇ ਆਪਣਿਆਂ ਵੱਲੋਂ ਹੀ ਜ਼ਬਰਦਸਤੀ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਵੰਡ ਦੌਰਾਨ ਹੀ ਬਹੁਤ ਸਾਰੀਆਂ ਇਕ ਧਰਮ ਦੀਆਂ ਔਰਤਾਂ ਦੇ ਦੂਜੇ ਧਰਮ ਦੇ ਮਰਦਾਂ ਨਾਲ ਦੋਹਾਂ ਮੁਲਕਾਂ ’ਚ ਜ਼ਬਰਦਸਤੀ ਵਿਆਹ ਕੀਤੇ ਗਏ ਤੇ ਜਦੋਂ ਇਹਨਾ ਔਰਤਾਂ ਨੂੰ ਆਪਣੇ ਆਪਣੇ ਮੁਲਕ ਵਾਪਿਸ ਜਾਣ ਦਾ ਮੌਕਾ ਮਿਲਿਆ ਤਾਂ ਇਕ ਵਾਰ ਫੇਰ ਇਹਨਾਂ ਨੂੰ ਅਣਖ਼ ਨੇ ਮਰਵਾ ਦਿੱਤਾ ਇਸ ਪੱਖੋਂ ਦੇਸ਼ ਵੰਡ ਆਧੁਨਿਕ ਭਾਰਤ ਦੇ ਇਤਿਹਾਸ ਦਾ ਖ਼ੌਫ਼ਜ਼ਦਾ ਤੇ ਖ਼ਤਰਨਾਕ ਸਮਾਂ ਸੀ। ਅਜੋਕੇ ਸਮੇਂ ’ਚ ਖਾਸਕਰ ਭਾਰਤ ਦੇ ਪ੍ਰਸੰਗ ’ਚ ਅਣਖ਼ ਦੀ ਖ਼ਾਤਿਰ ਕਤਲ ਇਕ ਅਜਿਹੀ ਮੌਤ ਹੈ ਜੋ ਪਰਿਵਾਰ ਜਾਂ ਸਕੇ ਸਬੰਧੀਆਂ ਵੱਲੋਂ ਉਸ ਔਰਤ ਜਾਂ ਮਰਤ ਜਾਂ ਦੋਵਾਂ ਨੂੰ ਦਿੱਤੀ ਜਾਂਦੀ ਹੈ ਜੋ ਆਪਣੇ ਮਾਪਿਆਂ ਦੀ ਮਰਜ਼ੀ ਦੇ ਖ਼ਲਿਾਫ ਵਿਆਹ ਕਰਵਾਉਂਦੇ ਹਨ ਜਾਂ ਜੋ ਆਪਣੇ ਹੀ ਗੋਤ ’ਚ ਜਾਂ ਹੋਰ ਜਾਤ ’ਚ ਵਿਆਹ ਕਰਵਾਉਂਦੇ ਹਨ ਪਰ ਅਣਖ਼ ਦੀ ਖ਼ਾਤਿਰ ਕਤਲ ਦੇ ਵਧੇਰੇ ਮਾਮਲੇ ਅੰਤਰਜਾਤੀ ਵਿਆਹ ਕਰਵਾਉਣ ਕਰਕੇ ਸਾਹਮਣੇ ਆਉਂਦੇ ਹਨ ਜੋ ਬਹੁਤ ਹਿੰਸਕ ਹੁੰਦੇ ਹਨ ਖਾਸਕਰ ਓਦੋਂ ਜਦੋਂ ਕੁੜੀ ਕਿਸੇ ਦਲਿਤ ਜਾਂ ਕਥਿਤ ਨੀਂਵੀ ਜਾਤ ਦੇ ਲੜਕੇ ਨਾਲ ਵਿਆਹ ਕਰਵਾਉਂਦੀ ਹੈ ਵਧੇਰੇ ਕਤਲ ਓਥੇ ਹੁੰਦੇ ਹਨ ਜਿਥੇ ਖਾਪ ਪੰਚਾਇਤਾਂ ਦਾ ਸਿੱਕਾ ਚਲਦਾ ਹੈ ਭਾਵ ਜਾਤ ਇਸ ਵਰਤਾਰੇ ਦੇ ਵਾਪਰਨ ਦਾ ਮੁੱਖ ਕਾਰਨ ਹੈ ਯੂਨਾਈਟਡ ਨੇਸ਼ਨਜ ਪਾੱਪੂਲੇਸ਼ਨ ਫੰਡ ਦੇ ਅੰਕੜਿਆਂ ਅਨੁਸਾਰ ਦੁਨੀਆਂ ਭਰ ਵਿਚ ਹਰ ਸਾਲ 5000 ਤੋਂ ਵੀ ਵੱਧ ਇਨਸਾਨ ਅਣਖ਼ ਦੀ ਖ਼ਾਤਿਰ ਕਤਲ ਕਰ ਦਿੱਤੇ ਜਾਂਦੇ ਹਨ ਏਸ਼ੀਅਨ ਲੋਕ ਇਸ ਮਾਮਲੇ ਕਾਰਨ ਵਧੇਰੇ ਚਰਚਾ ’ਚ ਹਨ ਬਰਤਾਨੀਆਂ ’ਚ ਸਾਲ 2004 ਤਕ 117 ਕੇਸ ਅਜਿਹੇ ਹਨ ਜਿਨ੍ਹਾਂ ਅਨੁਸਾਰ ਏਸ਼ੀਅਨ ਲੋਕਾਂ ਨੇ ਆਪਣੀਆਂ ਜੁਆਨ ਧੀਆਂ ਨੂੰ ਅਣਖ਼ ਦੇ ਨਾਂ ’ਤੇ ਕਤਲ ਕਰ ਦਿੱਤਾ ਭਾਰਤ ਵਿਚ ਅਜਿਹੇ ਕਤਲਾਂ ਦਾ ਭਾਵੇਂ ਕੋਈ ਪੁਖਤਾ ਦਫਤਰੀ ਰਿਕਾਰਡ ਨਹੀਂ ਪਰ ਹਰ ਸਾਲ ਅੰਦਾਜ਼ਨ 1000 ਲੋਕਾਂ ਦੀ ਅਣਖ਼ ਦੇ ਨਾਂ ’ਤੇ ਬਲੀ ਦਿੱਤੀ ਜਾਂਦੀ ਹੈ ਅਜਿਹੇ ਕਤਲ ਮੁੱਖ ਤੌਰ ’ਤੇ ਦਿੱਲੀ, ਰਾਜਸਥਾਨ, ਪੰਜਾਬ, ਹਰਿਆਣਾ ਤੇ ਉਤਰ ਪ੍ਰਦੇਸ ’ਚ ਹੁੰਦੇ ਹਨ ਪੰਜਾਬ ਵਿਚ ਵੀ ਪੰਜਾਬ ਪੁਲਿਸ ਦੇ ਅੰਕੜਿਆਂ ਅਨੁਸਾਰ 2008 ਤੋਂ 2010 ਤਕ 34 ਕਤਲ ਅਣਖ਼ ਦੇ ਨਾਂ ’ਤੇ ਕੀਤੇ ਜਾ ਚੁੱਕੇ ਹਨ। ਸ਼ਕਤੀ ਵਾਹਿਨੀ ਨਾਂ ਦੀ ਗੈਰ ਸਰਕਾਰੀ ਸੰਸਥਾ ਦੁਆਰਾ ਕੀਤੇ ਗਏ ਸਰਵੇਖਣ ਅਨੁਸਾਰ 560 ਕੇਸਾਂ ਵਿਚੋਂ 89 ਫੀਸਦੀ ਜਿਨ੍ਹਾਂ ਕੇਸਾਂ ’ਚ ਪੀੜਿਤ ਜੋੜਿਆਂ ਨੇ ਆਪਣੇ ਮਾਪਿਆਂ ਦੀ ਮਰਜ਼ੀ ਦੇ ਖ਼ਲਿਾਫ ਵਿਆਹ ਕਰਵਾਏ ਸਨ ਅਣਖ਼ ਦੇ ਨਾਂ ’ਤੇ ਹੁੰਦੀ ਹੈਵਾਨੀਅਤ ਤੋਂ ਸਿਰਫ ਔਰਤਾਂ ਹੀ ਕਤਲ ਨਹੀਂ ਹੁਦੀਆਂ ਬਲਕਿ ਮਰਦ ਵੀ ਮਾਰੇ ਜਾਂਦੇ ਹਨ ਸਾਲ 2002 ਦੇ ਅੰਕੜਿਆਂ ਮੁਤਾਬਿਕ ਪਾਕਿਸਤਾਨ ਦੇ ਇਕੱਲੇ ਸਿੰਧ ਦੇ ਖੇਤਰ ’ਚ ਅੰਦਾਜ਼ਨ 245 ਔਰਤਾਂ ਤੇ 137 ਮਰਦ ‘ਕਾਰੋ ਕਾਰੀ’ ਦੇ ਨਾਂ ਨਾਲ ਕਤਲ ਕਰ ਦਿੱਤੇ ਗਏ 2005 ਦੀ ਰਿਪੋਰਟ ਅਨੁਸਾਰ ਪਾਕਿਸਤਾਨ ਵਿਚ ਹਰ ਸਾਲ ਔਸਤਨ 10 ਹਜ਼ਾਰ ਔਰਤਾਂ ਦਾ ਅਣਖ਼ ਦੇ ਨਾਂ ’ਤੇ ਕਤਲ ਕਰ ਦਿੱਤਾ ਜਾਂਦਾ ਹੈ। ਇਹ ਅੰਕੜੇ ਬਹੁਤ ਘੱਟ ਹਨ। ਬਹੁਤ ਸਾਰੇ ਉਹ ਮਸਲੇ ਵੀ ਹਨ ਜਿਥੇ ਖਾਸਕਰ ਕੁੜੀਆਂ ਨੂੰ ਖੁਦਕਸ਼ੀ ਲਈ ਮਜ਼ਬੂਰ ਕੀਤਾ ਜਾਂਦਾ ਹੈ ਤੇ ਅਜਿਹੇ ਮਸਲੇ ਸਰਕਾਰੀ ਜਾਂ ਗੈਰ-ਸਰਕਾਰੀ ਫਾਇਲਾਂ ਦਾ ਸੱਚ ਨਹੀਂ ਬਣਦੇ। ਅਣਖ਼ ਦੀ ਖਾਤਿਰ ਹੋ ਰਿਹਾ ਕਤਲੇਆਮ ਹੁਣ ਮੋੜਵਾਂ ਰੂਪ ਵੀ ਅਖਤਿਆਰ ਕਰ ਰਿਹਾ ਹੈ ਜਿਸ ਵਿਚ ਪ੍ਰੇਮੀ ਜੋੜੇ ਮੋੜਵੇਂ ਰੂਪ ’ਚ ਆਪਣੇ ਪਰਿਵਾਰਿਕ ਮੈਂਬਰਾਂ ਨੂੰ ਕਤਲ ਕਰਨ ਦੇ ਰਾਹ ਤੁਰ ਪਏ ਹਨ ਅਜਿਹਾ ਵਾਪਰਨਾ ਸੁਭਾਵਿਕ ਹੈ, ਕਿਉਂਕਿ ਮਨੁੱਖ ਨਾ ਚਾਹੁੰਦਿਆਂ ਵੀ ਜਦੋਂ ਆਪਣਾ ਖ਼ਤਰਾ ਟਾਲਦਾ ਹੈ ਤਾਂ ਹੋਰ ਖ਼ਤਰੇ ਸਹੇੜ ਲੈਦਾਂ ਹੈ ਅਣਖ਼ ਦੇ ਨਾਂ ’ਤੇ ਕੀਤਾ ਕਤਲ ਕਾਨੂੰਨ ਅਨੁਸਾਰ ਕਤਲ ਹੀ ਹੈ ਤੇ ਇਹਦੇ ਲਈ ਸਜ਼ਾ ਪੱਖੋਂ ਕੋਈ ਛੋਟ ਨਹੀਂ ਬਲਕਿ ਜਿਹੜੇ ਕਤਲ ਜ਼ਿਆਦਾ ਬੇਰਹਿਮੀ ਨਾਲ ਕੀਤੇ ਜਾਂਦੇ ਹਨ ਉਥੇ ਦੋਸ਼ੀ ਨੂੰ ਫਾਂਸੀ ਦੀ ਸਜ਼ਾ ਵੀ ਹੋ ਸਕਦੀ ਹੈ ਭਾਰਤ ਵਿਚ ਅਣਖ਼ ਦੇ ਨਾਂ ’ਤੇ ਹੁੰਦੇ ਕਤਲਾਂ ਅਤੇ ਖਾਪ ਪੰਚਾਇਤਾਂ ਦਾ ਬੜਾ ਨੇੜੇ ਦਾ ਸਬੰਧ ਹੈ। ਜਿਹੜੇ ਖਿੱਤਿਆਂ ਖਾਸਕਰ ਹਰਿਆਣਾ ਵਿਚ ਖਾਪ ਪੰਚਾਇਤਾਂ ਦਾ ਸਿੱਕਾ ਚਲਦਾ ਹੈ ਉਥੇ ਅਣਖ਼ ਦੇ ਨਾਂ ’ਤੇ ਹੁੰਦੇ ਕਤਲਾਂ ਦੀ ਗਿਣਤੀ ਵਧੇਰੇ ਰਹੀ ਹੈ। ਸਤੰਬਰ ਮਹੀਨੇ ਹੋਏ ਕਤਲਾਂ ਦੇ ਦਰਮਿਆਨ ਹੀ ਸਰਬ ਖਾਪ ਪੰਚਾਇਤ ਦੀ ਹੋਈ ਇਕੱਤਰਤਾ ਇਸ ਮਾਮਲੇ ਬਾਰੇ ਵਿਸ਼ੇਸ਼ ਧਿਆਨ ਦੀ ਮੰਗ ਕਰਦੀ ਹੈ। ਅਖਬਾਰਾਂ ਦੀਆਂ ਰਿਪੋਰਟਾਂ ਅਨੁਸਾਰ 22 ਸਤੰਬਰ ਨੂੰ ਰੋਹਤਕ ਵਿਖੇ ਆਰੀਆ ਚੌਪਾਲ ਵਿਚ ਕਰਵਾਈ ਗਈ ਸਰਬ ਖਾਪ ਪੰਚਾਇਤ ਨੇ ਅਣਖ ਦੇ ਨਾਂ ’ਤੇ ਕੀਤੀਆਂ ਜਾਂਦੀਆਂ ਹੱਤਿਆਵਾਂ ਲਈ ਸਰਕਾਰ ਨੂੰ ਜ਼ਿੰਮੇਵਾਰ ਕਰਾਰ ਦਿੰਦਿਆਂ ਕਿਹਾ ਕਿ ਜੇ ਹਿੰਦੂ ਮੈਰਿਜ ਐਕਟ- 1995 ਵਿਚ ਸਮੇਂ ਸਿਰ ਸੋਧ ਕਰ ਦਿੱਤੀ ਜਾਂਦੀ ਤਾਂ ਇਸ ਤਰ੍ਹਾਂ ਦੀਆਂ ਘਟਨਾਵਾਂ ’ਤੇ ਕਾਰਗਰ ਰੋਕ ਲੱਗ ਸਕਦੀ ਸੀ ਖਾਪ ਪੰਚਾਇਤ ਨੇ ਆਰੀਆ ਸਮਾਜ ਮੰਦਰਾਂ ’ਚ ਮਾਤਾ-ਪਿਤਾ ਦੀ ਗ਼ੈਰ-ਮੌਜੂਦਗੀ ਵਿਚ ਵਿਆਹ ਕਰਵਾਉਣ ਦੀ ਆਗਿਆ ਦੇਣ ’ਤੇ ਵੀ ਇਤਰਾਜ਼ ਜ਼ਾਹਰ ਕੀਤਾ। ਇਸ ਖਾਪ ਪੰਚਾਇਤ ਵਿਚ ਤਿੰਨ ਮਤੇ ਪਾਸ ਕੀਤੇ ਗਏ ਜਿਨ੍ਹਾਂ ’ਚ ਹਿੰਦੂ ਮੈਰਿਜ ਐਕਟ 1995 ਵਿਚ ਸੋਧ ਕਰਨ, ਮਿਡਲ ਅਤੇ ਹਾਈ ਸਿੱਖਿਆ ਅਤੇ ਉਚੇਰੀ ਸਿੱਖਿਆ ਸੰਸਥਾਨਾਂ ਵਿਚ ਨੈਤਿਕ ਸਿੱਖਿਆ ਦਾ ਵਿਸ਼ਾ ਪਾਠਕ੍ਰਮ ਵਿਚ ਸ਼ਾਮਲ ਕਰਨ ਅਤੇ ਇੰਟਰਨੈੱਟ ’ਤੇ ਅਸ਼ਲੀਲ ਸਮੱਗਰੀ ਪਾਉਣ ’ਤੇ ਮੁਕੰਮਲ ਰੋਕ ਲਾਉਣ ਦੀਆਂ ਮੰਗਾਂ ਕੀਤੀਆਂ ਗਈਆਂ। ਸਰਬ ਖਾਪ ਪੰਚਾਇਤ ਵੱਲੋਂ ਪਿੰਡ ਗਰਨਾਵਠੀ ਵਿਖੇ ਹਾਲ ਹੀ ਵਿਚ ਇਕ ਪ੍ਰੇਮੀ ਜੋੜੇ ਦੀ ਹੱਤਿਆ ਸਬੰਧੀ ਇਕ ਨਿੰਦਾ ਮਤਾ ਵੀ ਪਾਸ ਕੀਤਾ ਤੇ ਕਿਹਾ ਕਿ ਅਣਖ ਦੇ ਨਾਂ ’ਤੇ ਕੀਤੀਆਂ ਜਾਂਦੀਆਂ ਹੱਤਿਆਵਾਂ ਇਕ ਗੰਭੀਰ ਸਮਾਜਿਕ ਸਮੱਸਿਆ ਹੈ ਅਤੇ ਕਿਸੇ ਵੀ ਵਿਅਕਤੀ ਨੂੰ ਜੀਵਨ ਦਾ ਹੱਕ ਖੋਹਣ ਦਾ ਅਧਿਕਾਰ ਨਹੀਂ ਹੈ ਇਸ ਦੇ ਨਾਲ ਹੀ ਝੱਜਰ ਦੇ ਸਾਲ੍ਹਾਵਾਸ ਖੇਤਰ ਦੀ ਬਿਰੋਹੜ ਬਾਰ੍ਹਾ ਦੀ ਪੰਚਾਇਤ ਨੇ ਸਕੂਲ-ਕਾਲਜਾਂ ਵਿਚ ਪੜ੍ਹਨ ਵਾਲੀਆਂ ਵਿਦਿਆਰਥਣਾਂ ਦੇ ਪੈਂਟ, ਜੀਨਸ, ਸ਼ਰਟ ਜਾਂ ਟੌਪ ਪਹਿਨਣ ’ਤੇ ਪਾਬੰਦੀ ਲਗਾ ਦਿੱਤੀ ਹੈ। ਪੰਚਾਇਤ ਦੇ ਨੁਮਾਇੰਦਿਆਂ ਅਨੁਸਾਰ ਰਾਜ ਅੰਦਰ ਸਮਾਜਿਕ ਮਰਿਆਦਾ ਭੰਗ ਹੋਣ ਦੇ ਜਿੰਨੇ ਵੀ ਮਾਮਲੇ ਹੋ ਰਹੇ ਹਨ ਉਨ੍ਹਾਂ ਵਿਚ ਲੜਕੀਆਂ ਦਾ ਲਿਬਾਸ ਅਤੇ ਵਿਦਿਆਰਥੀਆਂ ਵੱਲੋਂ ਮੋਬਾਈਲ ਫੋਨਾਂ ਦੇ ਇਸਤੇਮਾਲ ਦੀ ਅਹਿਮ ਭੂਮਿਕਾ ਹੈ। ਪੰਚਾਇਤ ਨੇ ਅਗਲੀ ਇਕੱਤਰਤਾ ਵਿਚ ਵਿਦਿਆਰਥੀਆਂ ਦੇ ਮੋਬਾਈਲ ਫੋਨ ਦੀ ਵਰਤੋਂ ’ਤੇ ਪਾਬੰਦੀ ਲਗਾਉਣ ਨੂੰ ਪ੍ਰਵਾਨਗੀ ਦੇਣ ਦਾ ਵੀ ਫੈਸਲਾ ਕੀਤਾ । ਸਰਬ ਖਾਪ ਪੰਚਾਇਤ ਦੀ ਹੋਂਦ ਤੇ ਵਤੀਰਾ, ਉਨ੍ਹਾਂ ਦਾ ਆਤੰਕੀ ਪ੍ਰਭਾਵ ਤੇ ਕਾਰਵਾਈਆਂ ਅਤੇ ਇਹ ਤਾਜ਼ਾ ਇਕੱਤਰਤਾ ਬਹੁਤ ਸਾਰੇ ਸਵਾਲ ਖੜ੍ਹੇ ਕਰਦੀ ਹੈ। ਜਿਸ ਬਾਰੇ ਵਿਚਾਰ ਕਰਨਾ ਬਹੁਤ ਜ਼ਰੂਰੀ ਹੈ ਨਹੀਂ ਤਾਂ ਅਸੀਂ ਵੇਲਾ ਖੁੰਝਾ ਚੁੱਕੇ ਹੋਵਾਂਗੇ। ਬਿਨਾਂ ਸ਼ੱਕ ਮੌਜੂਦਾ ਦੌਰ ਵਿਚ ਆਈ ਸੂਚਨਾ ਕ੍ਰਾਂਤੀ ਨੇ ਪੀੜ੍ਹੀ ਪਾੜੇ ਨੂੰ ਬਹੁਤ ਵਧਾ ਦਿੱਤਾ ਹੈ। ਨਵੀਂ ਪੀੜ੍ਹੀ ਸੂਚਨਾ ਕ੍ਰਾਂਤੀ ਦੇ ਜ਼ਰੀਏ ਬਾਹਰੀ ਖਾਸਕਰ ਪੱਛਮੀ ਸਭਿਅਤਾ ਦੇ ਖੁੱਲ੍ਹੇਪਣ ਤੋਂ ਬੇਹੱਦ ਪ੍ਰਭਾਵਿਤ ਹੋ ਰਹੀ ਹੈ, ਮਾਨਸਿਕ ਤੌਰ ਤੇ ਬਹੁਤ ਅਜ਼ਾਦ ਮਹਿਸੂਸ ਕਰਦੀ ਹੈ ਪਰ ਜ਼ਮੀਨੀ ਹਕੀਕਤਾਂ ਉਪਰ ਹਾਲੇ ਵੀ ਪਰੰਪਰਾ ਦੀ ਪੀਡੀ ਪਕੜ ਹੋਣ ਕਰਕੇ ਖੂਨੀ ਟਕਰਾਅ ਵਾਪਰ ਰਿਹਾ ਹੈ। ਪੱਛਮੀ ਸਮਾਜਾਂ ਦੀ ਇਹ ਸਮੱਸਿਆ ਹੀ ਨਹੀਂ ਕਿ ਮੁੰਡਾ ਕੁੜੀ ਦੇ ਸਬੰਧਾਂ ਵਿਚ ਜਾਤ, ਜਮਾਤ ਤੇ ਜਾਇਦਾਦ ਹੀ ਨਿਰਣਾਇਕ ਹੋਣ। ਉਨ੍ਹਾਂ ਲਈ ਸੋਚ, ਸੁਹੱਪਣ ਤੇ ਸੁਪਨੇ ਵਧੇਰੇ ਮਾਇਨੇ ਰੱਖਦੇ ਹਨ। ਅਸਲ ਵਿਚ ਉਨ੍ਹਾਂ ਸਮਾਜਾਂ ਵਿਚ ਜੋ ਵੀ ਵਾਪਰ ਰਿਹਾ ਹੈ ਉਥੋਂ ਦੀ ਸਥਾਨਕ ਹਾਲਤਾਂ ਦੇ ਵਿਕਾਸ ਦੀ ਵਿਸ਼ੇਸ਼ ਦੇਣ ਹੈ ਜਿਸ ਕਰਕੇ ਸਾਡੇ ਸਮਾਜ ਲਈ ਜੋ ਅਣਹੋਣੀ ਹੈ ਉਨ੍ਹਾਂ ਲਈ ਸਮਾਜ ਦਾ ਸਹਿਜ ਹਿੱਸਾ ਹੀ ਹੈ। ਇਥੇ ਇਹ ਵੀ ਸਪਸ਼ਟ ਕਰਨਾ ਬਣਦਾ ਹੈ ਕਿ ਅੰਤਰ-ਜਾਤੀ ਜਾਂ ਆਪਣੀ ਹੀ ਜਾਤ/ਗੋਤ ਵਿਚ ਕਰਵਾਇਆ ਪਿਆਰ-ਵਿਆਹ ਜ਼ਰੂਰੀ ਨਹੀਂ ਕਿ ਮੁੰਡੇ-ਕੁੜੀ ਦੀ ਸਹੀ ਚੋਣ ਹੀ ਹੋਵੇ ਇਹ ਕਾਮੁਕਤਾ ਅਤੇ ਨਿਰੋਲ ਜਿਸਮਾਨੀ ਖਿੱਚ ਦਾ ਬੁਰਾ ਨਤੀਜਾ ਵੀ ਹੋ ਸਕਦਾ ਹੈ। ਅਜਿਹੇ ਮਾਮਲਿਆਂ ਵਿਚ ਇਨ੍ਹਾਂ ਜੋੜਿਆਂ ਪ੍ਰਤੀ ਸਮਾਜ ਦੀ ਪਹੁੰਚ ਕੀ ਹੋਵੇ? ਕੀ ਉਹ ਨਿਰਦਈ ਢੰਗ ਨਾਲ ਕਤਲ ਕਰ ਦਿੱਤੇ ਜਾਣ? ਆਖਰ ਇਸ ਸਾਰੇ ਕੁਝ ਵਿਚ ਸਾਡੇ ਸਮਾਜਿਕ-ਰਾਜਸੀ-ਪ੍ਰਬੰਧ ਦੀ ਜਿੰਮੇਵਾਰੀ ਕਿਥੇ ਨਿਰਧਾਰਤੀ ਕੀਤੀ ਜਾਵੇ? ਅਣਖ ਦੇ ਨਾਂ ਤੇ ਹੁੰਦੇ ਕਤਲਾਂ ਦਾ ਮਾਮਲਾ ਬਹੁਤ ਹੀ ਪੇਚੀਦਾ ਹੈ। ਇਸ ਬਾਰੇ ਹਾਲੇ ਤਕ ਗੰਭੀਰ ਚਿੰਤਨ ਅਤੇ ਕੋਈ ਠੋਸ ਹੱਲ ਸਾਹਮਣੇ ਨਹੀਂ ਆ ਰਿਹਾ। ਇਹ ਮਾਮਲਾ ਸਾਡੇ ਸਮਾਜ ਦੀ ਜਾਤੀ ਵਿਵਸਥਾ, ਅੰਤਰ-ਜਾਤੀ ਜਾਂ ਆਪਣੀ ਹੀ ਜਾਤ/ਗੋਤ ਵਿਚ ਪਿਆਰ-ਵਿਆਹ ਪ੍ਰਤੀ ਸਮਾਜ ਦਾ ਦਿ੍ਰਸ਼ਟੀਕੋਣ, ਵਿਸ਼ੇਸ਼ ਧਾਰਮਿਕ ਪਰੰਪਰਾਵਾਂ, ਅਨਪੜ੍ਹਤਾ, ਜਾਗੀਰੂ ਮਾਨਸਿਕਤਾ, ਮਰਦ ਪ੍ਰਧਾਨਗੀ, ਔਰਤ ਦੀ ਦਸ਼ਾ ਤੇ ਦਿਸ਼ਾ ਨਾਲ ਸਿੱਧੇ ਤੌਰ ਤੇ ਜੁੜਿਆ ਹੋਇਆ ਹੈ। ਇਸ ਲਈ ਅਣਖ ਦੇ ਨਾਂ ਤੇ ਹੁੰਦੇ ਕਤਲਾਂ ਬਾਰੇ ਸੋਚਣ ਦੇ ਨਾਲ-ਨਾਲ ਇਸ ਨਾਲ ਜੁੜੇ ਮੁੱਦਿਆਂ ਨੂੰ ਮੁੜ ਵਿਚਾਰਨਾ ਹੋਵੇਗਾ ਅਤੇ ਇਨ੍ਹਾਂ ਨੂੰ ਹੱਲ ਕਰਨਾ ਹੋਵੇਗਾ।