ਇੱਜ਼ਤ ਲਈ ਕਤਲ? ਨਿਰੁਪਮਾ ਦੱਤ ਜਦੋਂ 1999 ਵਿਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਬੀਬੀ ਜਾਗੀਰ ਕੌਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਦੀ ਪਹਿਲੀ ਮਹਿਲਾ ਪ੍ਰਧਾਨ ਬਣਾਇਆ ਤਾਂ ਇਸ ਨੂੰ ਮਹਿਲਾ ਸ਼ਸ਼ਕਤੀਕਰਨ ਵੱਲ ਚੁੱਕਿਆ ਇਕ ਕਦਮ ਕਿਹਾ ਗਿਆ। ਇਸ ਤੋਂ ਛੇਤੀ ਹੀ ਬਾਅਦ ਉਸ ਦੀ ਵੱਡੀ ਪੁੱਤਰੀ ਹਰਪ੍ਰੀਤ ਕੌਰ ਉਰਫ ਰੋਜ਼ੀ (19) ਦਾ ਰਹੱਸਮਈ ਹਾਲਤਾਂ 'ਚ ਹੋਇਆ ਕਤਲ ਸੁਰਖੀਆਂ 'ਚ ਆ ਗਿਆ ਅਤੇ ਉਸ ਨੂੰ ਅਹੁਦਾ ਛੱਡਣਾ ਪਿਆ। ਬੇਗੋਵਾਲ ਪਿੰਡ ਦਾ ਇਹ ਸਨਸਨੀਖੇਜ ਕੇਸ ਕਿਸੇ ਵੀ ਬਾਲੀਵੁੱਡ ਫਿਲਮ ਨੂੰ ਮਾਤ ਦੇ ਸਕਦਾ ਹੈ, ਜਿੱਥੇ ਸ਼ਕਤੀਸ਼ਾਲੀ ਮਾਪੇ ਆਪਣੀ ਧੀ ਨੂੰ ਗਰੀਬ ਮੁੰਡੇ ਨਾਲ ਵਿਆਹ ਕਰਵਾਉਣ ਤੋਂ ਰੋਕਣ ਲਈ ਜਬਰਦਸਤੀ ਇੱਥੋਂ ਤੱਕ ਕਿ ਹਿੰਸਾ ਦੀ ਵੀ ਵਰਤੋਂ ਕਰਦੇ ਹਨ। ਰੋਜ਼ੀ ਦੇ ਕੇਸ 'ਚ, ਮੁੰਡਾ ਇਕ ਕਲੀਨ-ਸ਼ੇਵ ਸਿੱਖ ਸੀ। ਬੀਬੀ ਨੇ ਹੁਣ ਤੱਕ ਅਗਾਊਂ ਜ਼ਮਾਨਤ ਦਾ ਫਾਇਦਾ ਉਠਾਇਆ ਹੈ। ਉਹ ਹੁਣ ਵੀ ਆਪਣੇ ਦਸ ਸਾਲ ਪਹਿਲਾਂ ਦੇ ਬਿਆਨ 'ਤੇ ਅੜੀ ਹੋਈ ਹੈ, ''ਉਹ ਫੂਡ-ਪੁਆਇਜ਼ਨਿੰਗ ਕਾਰਨ ਮਰੀ ਸੀ। ਮੈਂ ਖਾਲਸਾ ਪੰਥ ਦੀ 300ਵੀਂ ਵਰ੍ਹੇਗੰਢ ਦੇ ਜਸ਼ਨਾਂ 'ਚ ਮਸਰੂਫ ਸੀ, ਜਦੋਂ ਮੈਨੂੰ ਉਸ ਦੇ ਬਿਮਾਰ ਹੋਣ ਦੀ ਖਬਰ ਮਿਲੀ। ਮੈਂ ਉਸ ਨੂੰ ਨਿੰਬੂ ਪਾਣੀ ਪੀਣ ਦੀ ਸਲਾਹ ਦਿੱਤੀ, ਜਿਵੇਂ ਅਸੀਂ ਅਜਿਹੀਆਂ ਛੋਟੀਆਂ-ਮੋਟੀਆਂ ਬਿਮਾਰੀਆਂ ਦੇ ਸਿਲਸਿਲੇ 'ਚ ਕਰਦੇ ਹਾਂ। ਸ਼ਾਮ ਤੱਕ ਉਸ ਦੀ ਹਾਲਤ ਵਿਗੜ ਗਈ ਅਤੇ ਉਹ ਹਸਪਤਾਲ ਨੂੰ ਲਿਜਾਂਦੇ ਸਮੇਂ ਫਿਲੌਰ ਨੇੜੇ ਸਾਹ ਤਿਆਗ ਗਈ। ਇਹ ਮੇਰੀ ਜ਼ਿੰਦਗੀ ਦਾ ਸਭ ਤੋਂ ਵੱਡਾ ਘਾਟਾ ਹੈ।'' ਹਰਪ੍ਰੀਤ ਨੇ ਆਪਣੀ ਪਸੰਦ ਦੇ ਮੁੰਡੇ ਕਮਲਜੀਤ ਸਿੰਘ ਨਾਲ ਆਪਣੀ ਮਾਂ ਦੀ ਇਜਾਜ਼ਤ ਲਏ ਬਿਨਾ ਵਿਆਹ ਕੀਤਾ ਸੀ। 20 ਅਪ੍ਰੈਲ 2000 ਨੂੰ ਹੋਈ ਹਰਪ੍ਰੀਤ ਦੀ ਮੌਤ ਅਜੇ ਵੀ ਭੇਤਪੂਰਨ ਬਣੀ ਹੋਈ ਹੈ, ਜਿਸ ਤੋਂ ਬਾਅਦ ਉਸ ਦਾ ਕਾਹਲੀ ਨਾਲ ਦਾਹ ਸੰਸਕਾਰ ਕਰ ਦਿੱਤਾ ਗਿਆ। ਜੇ 27 ਅਪ੍ਰੈਲ ਨੂੰ ਕਮਲਜੀਤ ਨੇ ਇਹ ਦੋਸ਼ ਲਾਉਂਦੇ ਹੋਏ ਪੰਜਾਬ ਅਤੇ ਹਰਿਆਣਾ ਹਾਈਕੋਰਟ 'ਚ ਪਟੀਸ਼ਨ ਨਾ ਪਾਈ ਹੁੰਦੀ ਕਿ ਹਰਪ੍ਰੀਤ ਨੂੰ ਫਗਵਾੜਾ ਦੀ ਇਕ ਵੱਡੀ ਕੋਠੀ 'ਚ ਕੈਦ ਰੱਖਿਆ ਗਿਆ ਅਤੇ ਉਸ ਦਾ ਗਰਭਪਾਤ ਉਸ ਦੀ ਮਰਜ਼ੀ ਵਿਰੁੱਧ ਕੀਤਾ ਗਿਆ ਅਤੇ ਬਾਅਦ 'ਚ ਉਸ ਨੂੰ ਕਤਲ ਕਰ ਦਿੱਤਾ ਗਿਆ ਤਾਂ ਇਹ ਕੇਸ ਕਦੇ ਵੀ ਸਾਹਮਣੇ ਨਹੀਂ ਸੀ ਆਉਣਾ। 21 ਅਪ੍ਰੈਲ ਨੂੰ ਬਿਨਾ ਪੋਸਟਮਾਰਟਮ ਕੀਤੇ ਹੀ ਹਰਪ੍ਰੀਤ ਦਾ ਦਾਹ ਸਸਕਾਰ ਕਰ ਦਿੱਤਾ ਗਿਆ, ਭਾਵੇਂ ਉਸ ਕਮਰੇ, ਜਿਸ ਵਿਚ ਹਰਪ੍ਰੀਤ ਦੀ ਮੌਤ ਹੋਈ ਸੀ, ਵਿਚੋਂ ਕੀੜੇਮਾਰ ਦਵਾਈ ਦੇ ਅੰਸ਼ ਮਿਲੇ ਸਨ। ਇਸ ਤੋਂ ਬਾਅਦ ਕਮਲਜੀਤ ਵੱਲੋਂ ਹਰਪ੍ਰੀਤ ਦੇ ਗਰਭਵਤੀ ਹੋਣ ਅਤੇ ਵਿਆਹ ਦੇ ਸਬੂਤ ਪੇਸ਼ ਕਰਨ ਤੋਂ ਬਾਅਦ ਰੌਲਾ ਪੈ ਗਿਆ। ਹਾਈਕੋਰਟ ਨੇ ਕੇਸ ਸੀਬੀਆਈ ਨੂੰ ਸੌਂਪ ਦਿੱਤਾ। ਜਾਂਚ ਏਜੰਸੀ ਨੇ 'ਜਸਦੀਪ ਮੈਂਸ਼ਨ', ਜਿੱਥੇ ਹਰਪ੍ਰੀਤ ਨੂੰ ਰੱਖਿਆ ਗਿਆ, ਦੇ ਮਾਲਕਾਂ ਅਤੇ ਨੌਕਰਾਂ ਨੂੰ ਗ੍ਰਿਫਤਾਰ ਕਰ ਲਿਆ। ਦੋ ਬਿੰਦੂਆਂ 'ਤੇ ਕੰਮ ਸ਼ੁਰੂ ਹੋਇਆ : (ੳ) ਜਵਾਨ ਕੁੜੀ ਨੂੰ ਲਗਾਤਾਰ ਸਰੀਰਕ ਅਤੇ ਮਾਨਸਿਕ ਤਸ਼ੱਦਦ ਕਰਕੇ ਆਤਮਹੱਤਿਆ ਲਈ ਮਜਬੂਰ ਕਰਨਾ ਜਾਂ (ਅ) ਉਸ ਨੂੰ ਆਪਣੇ ਪਤੀ ਤੋਂ ਵੱਖ ਹੋਣ ਲਈ ਨਾ ਮੰਨਣ ਕਰਕੇ ਜ਼ਹਿਰ ਦੇ ਕੇ ਮਾਰਿਆ ਗਿਆ। ਪਿਛਲੇ ਦਸ ਸਾਲਾਂ ਦੌਰਾਨ ਕਈ ਉਤਰਾਅ-ਚੜ੍ਹਾਅ ਆਏ ਹਨ। ਇੱਥੋਂ ਤੱਕ ਕਿ ਪਿਛਲੇ ਸਾਲ ਕਮਲਜੀਤ ਵੀ ਮੁੱਕਰਿਆ ਗਵਾਹ ਬਣ ਗਿਆ, ਕਿਉਂਕਿ ਉਸ ਦੇ ਕਹੇ ਅਨੁਸਾਰ ਉਸ 'ਤੇ ਦਬਾਅ ਪਾਇਆ ਗਿਆ ਅਤੇ ਉਸ ਨੂੰ ਤੰਗ ਕੀਤਾ ਗਿਆ। ਮਾਰਚ 2011 ਵਿਚ ਉਸ ਨੇ ਕੇਸ ਦੀ ਪੁਨਰ ਜਾਂਚ ਦੀ ਮੰਗ ਕੀਤੀ ਅਤੇ ਸੀਬੀਆਈ ਅਦਾਲਤ ਨੇ ਉਸ ਦੀ ਅਪੀਲ ਮਨਜ਼ੂਰ ਕਰ ਲਈ। ਉਸ ਉਪਰ ਹੁਣ ਬੇਗੋਵਾਲ 'ਚ ਕਈ ਛੋਟੇ-ਮੋਟੇ ਕੇਸ ਪਾਏ ਗਏ ਹਨ। ਉਸ ਨੇ ਪੱਤਰਕਾਰਾਂ ਨੂੰ ਦੱਸਿਆ, ''ਮੈਨੂੰ ਬਿਆਨ ਦੇਣ ਤੋਂ ਰੋਕਣ ਲਈ ਅਜਿਹਾ ਕੀਤਾ ਜਾ ਰਿਹਾ ਹੈ। ਮੈਨੂੰ ਜਗੀਰ ਕੌਰ ਦੀ ਜ਼ਮਾਨਤ ਰੱਦ ਕਰਾਉਣ ਲਈ ਹਾਈਕੋਰਟ ਤੱਕ ਪਹੁੰਚ ਕਰਨੀ ਪੈਣੀ ਹੈ ਕਿਉਂਕਿ ਉਹ ਬੇਕਾਇਦਗੀ ਨਾਲ ਆਪਣਾ ਸਿਆਸੀ ਪ੍ਰਭਾਵ ਵਰਤਦੀ ਆ ਰਹੀ ਹੈ।'' ਜਗੀਰ ਕੌਰ ਕਹਿੰਦੀ ਹੈ, ''ਮੇਰੇ ਸਿਆਸੀ ਵਿਰੋਧੀ ਮੈਨੂੰ ਰਾਜਨੀਤਕ, ਸਮਾਜਿਕ ਅਤੇ ਆਰਥਿਕ ਤੌਰ 'ਤੇ ਖਤਮ ਕਰਨਾ ਚਾਹੁੰਦੇ ਹਨ।'' ਉਹ ਆਪਣੀ ਕੁੜੀ ਦੀ ਕੁੜਮਾਈ, ਵਿਆਹ ਅਤੇ ਗਰਭਵਤੀ ਹੋਣ ਸਬੰਧੀ ਅਦਾਲਤ 'ਚ ਪੇਸ਼ ਕੀਤੇ ਸਬੂਤਾਂ ਨੂੰ ਬਿਲਕੁਲ ਨਜ਼ਰਅੰਦਾਜ਼ ਕਰ ਦਿੰਦੀ ਹੈ। ਟੀਐਸਆਈ ਤੋਂ ਧੰਨਵਾਦ ਸਾਹਿਤ