ਬੜਾ ਅਜਬ ਰਿਸ਼ਤਾ ਹੈ ਭੈਣਾਂ ਦਾ - ਪ੍ਰੋ: ਕੁਲਜੀਤ ਕੌਰ ਰਿਸ਼ਤੇ ਮਨੁੱਖੀ ਜੀਵਨ ਦੇ ਕੌੜੇ-ਮਿੱਠੇ ਅਹਿਸਾਸਾਂ ਨਾਲ ਭਰਪੂਰ ਹੁੰਦੇ ਹਨ। ਕੁਝ ਰਿਸ਼ਤੇ ਅਸੀਂ ਖੁਦ ਸਿਰਜਦੇ ਹਾਂ ਅਤੇ ਕੁਝ ਸਾਨੂੰ ਜਨਮ ਤੋਂ ਹੀ ਮਿਲਦੇ ਹਨ। ਅਜਿਹਾ ਹੀ ਇਕ ਰਿਸ਼ਤਾ ਹੈ ਭੈਣਾਂ ਦਾ। ਭੈਣਾਂ ਦਾ ਰਿਸ਼ਤਾ ਬੜਾ ਹੀ ਅਲੱਗ ਅਤੇ ਪਿਆਰ ਭਰਪੂਰ ਹੁੰਦਾ ਹੈ। ਬਚਪਨ ਤੋਂ ਜਵਾਨੀ ਤੱਕ ਇਕੱਠੇ ਤਹਿ ਕੀਤੇ ਇਸ ਰਿਸ਼ਤੇ ਦੇ ਸਫਰ ਵਿਚ ਵੱਡੀ ਭੈਣ ਛੋਟੀ ਭੈਣ ਲਈ ਕਈ ਕੁਰਬਾਨੀਆਂ ਕਰਦੀ ਹੈ ਤੇ ਛੋਟੀ ਭੈਣ ਵੱਡੀ ਭੈਣ ਤੋਂ ਕਈ ਉਮੀਦਾਂ ਰੱਖਦੀ ਹੈ। ਕਦੇ ਥੋੜ੍ਹਾ-ਥੋੜ੍ਹਾ ਲੜਾਈ-ਝਗੜਾ ਤੇ ਕਦੇ ਮੇਲ-ਮਿਲਾਪ ਵਿਚ ਭੈਣਾਂ ਦਾ ਆਪਸੀ ਰਿਸ਼ਤਾ ਬੜਾ ਮਧੁਰ ਬਣਿਆ ਰਹਿੰਦਾ ਹੈ। ਭੈਣਾਂ ਦਾ ਰਿਸ਼ਤਾ ਕਈ ਪੜਾਵਾਂ ਵਿਚੋਂ ਗੁਜ਼ਰਦਾ ਹੈ। ਵਿਆਹ ਤੋਂ ਪਹਿਲਾਂ ਭੈਣਾਂ ਦਾ ਪਿਆਰ ਕਿਸੇ ਵੀ ਬੰਦਸ਼ ਦਾ ਮੁਥਾਜ ਨਹੀਂ ਹੁੰਦਾ ਪਰ ਵਿਆਹ ਤੋਂ ਬਾਅਦ ਭੈਣਾਂ ਦੇ ਰਿਸ਼ਤੇ ਵਿਚ ਕਾਫੀ ਬਦਲਾਅ ਆ ਜਾਂਦੇ ਹਨ। ਵਿਆਹ ਤੋਂ ਪਹਿਲਾਂ ਭੈਣਾਂ ਦਾ ਆਪਸੀ ਸਹਿਯੋਗ ਵਧੇਰੇ ਹੁੰਦਾ ਹੈ। ਇਕ-ਦੂਜੇ ਦੀ ਪੜ੍ਹਾਈ-ਲਿਖਾਈ ਵਿਚ ਮਦਦ ਕਰਨਾ, ਇਕ-ਦੂਜੇ ਦੀਆਂ ਕਈ ਮੁਸ਼ਕਿਲਾਂ ਨੂੰ ਹੱਲ ਕਰਨਾ, ਸਮੇਂ ਦਾ ਸਹੀ ਪ੍ਰਯੋਗ ਕਰਨਾ। ਵੱਡੀ ਭੈਣ ਛੋਟੀ ਭੈਣ ਦੀ ਮਾਰਗ ਦਰਸ਼ਕ ਸਾਬਤ ਹੋ ਸਕਦੀ ਹੈ। ਉਹ ਇਹ ਨਾ ਸੋਚੇ ਕਿ ਸਮੇਂ ਨਾਲ ਹੀ ਛੋਟੀ ਭੈਣ ਨੂੰ ਅਕਲ ਆਵੇਗੀ, ਸਗੋਂ ਉਸ ਨੂੰ ਸਹੀ ਦਿਸ਼ਾ ਦੇ ਕੇ ਅਗਵਾਈ ਕੀਤੀ ਜਾ ਸਕਦੀ ਹੈ। ਵੱਡੀ ਭੈਣ ਨਵੇਂ-ਨਵੇਂ ਵਿਸ਼ਿਆਂ ਬਾਰੇ ਛੋਟੀ ਭੈਣ ਨੂੰ ਜਾਣਕਾਰੀ ਦੇ ਸਕਦੀ ਹੈ। ਭੈਣਾਂ ਦਾ ਰਿਸ਼ਤਾ ਹੋਰ ਸੁਖਾਵਾਂ ਅਤੇ ਸਹਿਜ ਹੋ ਸਕਦਾ ਹੈ ਜਦ ਇਕ-ਦੂਜੇ ਦੀ ਸਫਲਤਾ ਉੱਪਰ ਵਧਾਈ ਦੇਣ ਦਾ ਵੀ ਨਿਯਮ ਅਪਣਾਉਣ। ਵੱਡੀ ਭੈਣ ਸਹੀ ਅਰਥਾਂ ਵਿਚ ਵੱਡੀ ਹੋਣ ਦਾ ਫਰਜ਼ ਨਿਭਾਵੇ, ਉਹ ਛੋਟੀ ਭੈਣ ਦੀ ਸੁਰੱਖਿਆ ਦਾ ਫਰਜ਼ ਨਿਭਾਵੇ। ਉਸ ਨੂੰ ਸਹੀ ਅਤੇ ਗ਼ਲਤ ਦਾ ਅੰਤਰ ਦੱਸੇ, ਉਸ ਨੂੰ ਜ਼ਿੰਦਗੀ ਦੇ ਆਪਣੇ ਅਨੁਭਵਾਂ ਤੋਂ ਜਾਣੂ ਕਰਵਾ ਕੇ ਸਦਾ ਸਹੀ ਫੈਸਲੇ ਲੈਣ ਲਈ ਪ੍ਰੇਰਿਤ ਕਰੇ। ਉਸ ਦੀ ਸਰਬੋਤਮ ਸਹੇਲੀ ਬਣ ਕੇ ਉਸ ਦੇ ਦੁੱਖ-ਸੁੱਖ ਦੀ ਸਹਾਇਕ ਬਣੋ। ਭੈਣਾਂ ਦਾ ਰਿਸ਼ਤਾ ਹੋਰ ਵੀ ਰੌਚਿਕ ਬਣ ਜਾਂਦਾ ਹੈ ਜਦ ਉਹ ਇਕ-ਦੂਜੇ ਦੀ ਗੱਲ ਧਿਆਨ ਨਾਲ ਸੁਣਨ, ਹਰ ਸਮੱਸਿਆ ਉੱਪਰ ਗੌਰ ਕਰਨ। ਜੇਕਰ ਕਦੇ ਮਤਭੇਦ ਆ ਵੀ ਜਾਣ ਤਾਂ ਬੈਠ ਕੇ ਦ੍ਰਿੜ੍ਹਤਾ ਨਾਲ ਰਿਸ਼ਤੇ ਦੀ ਡੋਰ ਨੂੰ ਸੁਲਝਾਇਆ ਜਾ ਸਕਦਾ ਹੈ। ਜੇਕਰ ਕਿਧਰੇ ਅਜਿਹਾ ਲੱਗੇ ਕਿ ਰਿਸ਼ਤੇ ਵਿਚ ਕਿਧਰੇ ਕੋਈ ਖੜੋਤ ਆ ਰਹੀ ਹੈ ਤਾਂ ਤਾਜ਼ਗੀ ਭਰਨ ਲਈ ਕਿਧਰੇ ਘੁੰਮਣ ਜਾਇਆ ਜਾ ਸਕਦਾ ਹੈ। ਜਨਮ ਦਿਨ 'ਤੇ ਸ੍ਰਪਰਾਈਜ਼ ਪਾਰਟੀ ਦਿੱਤੀ ਜਾ ਸਕਦੀ ਹੈ। ਇਹ ਠੀਕ ਹੈ ਕਿ ਜ਼ਿੰਦਗੀ ਦੇ ਬਦਲਦੇ ਪੜਾਵਾਂ ਨਾਲ ਰਿਸ਼ਤੇ ਵੀ ਬਦਲਦੇ ਰਹਿੰਦੇ ਹਨ। ਵਿਆਹ ਤੋਂ ਬਾਅਦ ਭੈਣਾਂ ਦੇ ਰਿਸ਼ਤੇ ਵਿਚ ਵੀ ਕੋਈ ਤਬਦੀਲੀ ਆ ਜਾਂਦੀ ਹੈ। ਮਜਬੂਰੀਆਂ ਅਤੇ ਪਰਿਵਾਰਕ ਜ਼ਿੰਮੇਵਾਰੀਆਂ ਕਾਰਨ ਮੇਲ-ਮਿਲਾਪ ਘਟ ਸਕਦਾ ਹੈ। ਫਿਰ ਵੀ ਫੋਨ ਦੇ ਜ਼ਰੀਏ ਜਾਂ ਖਾਸ ਦਿਨਾਂ ਵਿਚ ਇਕ-ਦੂਜੇ ਨੂੰ ਮਿਲ ਕੇ ਰਿਸ਼ਤੇ ਨੂੰ ਪੁਨਰਤਾਜ਼ਾ ਕੀਤਾ ਜਾ ਸਕਦਾ ਹੈ। ਆਪਣੀ ਜ਼ਿੰਦਗੀ ਦੀਆਂ ਮੁਸ਼ਕਿਲਾਂ ਅਤੇ ਉਲਝਣਾਂ ਨੂੰ ਭੈਣ ਨਾਲ ਸਾਂਝਾ ਕਰਕੇ ਦੁੱਖ ਹਲਕਾ ਕੀਤਾ ਜਾ ਸਕਦਾ ਹੈ। ਅਲੱਗ-ਅਲੱਗ ਪਰਿਵਾਰਾਂ ਵਿਚ ਵਿਆਹੀਆਂ ਭੈਣਾਂ ਇਕ-ਦੂਜੇ ਤੋਂ ਅਲੱਗ ਤਾਂ ਹੋ ਹੀ ਜਾਂਦੀਆਂ ਹਨ, ਉਹ ਇਕ-ਦੂਜੇ ਤੋਂ ਬਦਲਿਆ-ਬਦਲਿਆ ਮਹਿਸੂਸ ਕਰਦੀਆਂ ਹਨ ਪਰ ਇਸ ਬਦਲਾਓ ਵਿਚੋਂ ਵੀ ਰਿਸ਼ਤਿਆਂ ਦੀ ਮਹਿਕ ਨੂੰ ਮਹਿਸੂਸ ਕੀਤਾ ਜਾ ਸਕਦਾ ਹੈ। ਕਈ ਵਾਰ ਪ੍ਰਸਥਿਤੀਆਂ ਅਜਿਹੀਆਂ ਬਣ ਜਾਂਦੀਆਂ ਹਨ ਕਿ ਸਕੀਆਂ ਭੈਣਾਂ ਵਿਚ ਵੀ ਦੂਰੀ ਵਧ ਜਾਂਦੀ ਹੈ ਪਰ ਆਪਸੀ ਤਾਲਮੇਲ ਅਤੇ ਸਮਝਦਾਰੀ ਨਾਲ ਇਸ ਦੂਰੀ ਨੂੰ ਘਟਾਇਆ ਜਾ ਸਕਦਾ ਹੈ। ਜੇਕਰ ਵੱਡੀ ਭੈਣ ਜਾਂ ਛੋਟੀ ਭੈਣ ਵਿਚੋਂ ਕੋਈ ਇਕ-ਦੂਜੇ ਦੀ ਅਣਦੇਖੀ ਕਰ ਰਹੀ ਹੈ ਤਾਂ ਇਸ ਨਾਲ ਰਿਸ਼ਤੇ ਦੀ ਮਿਠਾਸ ਘਟੇਗੀ। ਕੋਸ਼ਿਸ਼ ਕੀਤੀ ਜਾਵੇ ਕਿ ਰਿਸ਼ਤੇ ਨੂੰ ਵਿਆਹ ਤੋਂ ਬਾਅਦ ਵੀ ਪਹਿਲਾਂ ਵਾਂਗ ਹੀ ਨਿਭਾਉਣ ਦੀ ਕੋਸ਼ਿਸ਼ ਕੀਤੀ ਜਾਵੇ। ਇਕ-ਦੂਜੇ ਦੇ ਦੁੱਖ-ਸੁੱਖ ਵਿਚ ਸਹਾਇਕ ਬਣਿਆ ਜਾਵੇ। ਨਵੇਂ ਰਿਸ਼ਤੇ ਬਣਾਉਣ ਵਿਚ ਕੋਈ ਹਰਜ ਨਹੀਂ ਪਰ ਪੁਰਾਣਿਆਂ ਨੂੰ ਨਿਭਾਉਣਾ ਵੀ ਇਕ ਵੱਡੀ ਜ਼ਿੰਮੇਵਾਰੀ ਹੈ। ਇਸ ਲਈ ਭੈਣਾਂ ਦਾ ਰਿਸ਼ਤਾ ਬੜਾ ਮਨਮੋਹਕ ਹੈ। ਲੋੜ ਹੈ ਇਕ-ਦੂਜੇ ਦੀਆਂ ਭਾਵਨਾਵਾਂ ਦੀ ਕਦਰ ਕਰਨ ਦੀ। ਐਚ. ਐਮ. ਵੀ., ਜਲੰਧਰ। ਅਸਲੀ ਜਾਇਦਾਦ ਹੈ ਪਰਿਵਾਰ - ਨਿਯਤੀ ਭੰਡਾਰੀ ਵਰਲਡ ਫੈਮਿਲੀ ਡੇ 15 ਮਈ ਨੂੰ ਪੂਰੀ ਦੁਨੀਆ ‘ਚ ਮਨਾਇਆ ਜਾ ਰਿਹਾ ਹੈ। ਆਖਿਰ ਇਹ ਦਿਨ ਕਿਉਂ ਮਨਾਇਆ ਜਾਂਦਾ ਹੈ? ਅੱਜ ਦੀ ਪੀੜ੍ਹੀ ਸਫਲਤਾ ਅਤੇ ਸੁਖ-ਸਹੂਲਤਾਂ ਪਾਉਣ ਲਈ ਜ਼ਿੰਦਗੀ ਪ੍ਰਤੀ ਊਰਜਾ, ਉਤਸ਼ਾਹ, ਰਚਨਾਤਮਕ ਸੁਤੰਤਰਤਾ, ਆਧੁਨਿਕ ਜੀਵਨ ਸ਼ੈਲੀ ਸਾਂਝੇ ਪਰਿਵਾਰਾਂ ਦੇ ਟੁੱਟਣ ਦੇ ਨਤੀਜੇ ਵਜੋਂ ਇਕੱਲੇ ਪਰਿਵਾਰ ਪ੍ਰਵਿਰਤੀ ਨੂੰ ਅਪਣਾ ਰਹੀ ਹੈ। ਇੱਟਾਂ, ਪੱਥਰਾਂ ਨਾਲ ਬਣੇ ਮਕਾਨ ਜਾਂ ਬੰਗਲੇ ਨੂੰ ਘਰ ਨਹੀਂ ਕਿਹਾ ਜਾ ਸਕਦਾ। ਘਰ ਬਣਦਾ ਹੈ, ਘਰ ‘ਚ ਰਹਿਣ ਵਾਲੇ ਮੈਂਬਰਾਂ ਦੇ ਪਿਆਰ ਨਾਲ ਜਿਸ ਨਾਲ ਬਣਦਾ ਹੈ ਭਗਵਾਨ ਵਲੋਂ ਦਿੱਤਾ ਗਿਆ ਬੇਸ਼ਕੀਮਤੀ ਤੋਹਫਾ ਪਰਿਵਾਰ। ਪਰਿਵਾਰ ਸਾਨੂੰ ਸੁਰੱਖਿਆ ਪ੍ਰਦਾਨ ਕਰਦਾ ਹੈ। ਘਰ ਦੇ ਬਜ਼ੁਰਗਾਂ ਦੇ ਆਸ਼ੀਰਵਾਦ ਨਾਲ ਅਗਿਆਨ ਦੀਆਂ ਸਾਰੀਆਂ ਗੰਢਾਂ ਖੁੱਲ੍ਹ ਜਾਂਦੀਆਂ ਹਨ ਅਤੇ ਕਿਸੇ ਵੀ ਤਰ੍ਹਾਂ ਦਾ ਖਦਸ਼ਾ ਖਤਮ ਹੋ ਜਾਂਦਾ ਹੈ। ਪਰਿਵਾਰ ਦਾ ਸਹਾਰਾ ਹੋਣ ‘ਤੇ ਜ਼ਿੰਦਗੀ ‘ਚ ਪਿਆਰ ਅਤੇ ਆਨੰਦ ਦੀ ਭਾਵਨਾ ਬਣੀ ਰਹਿੰਦੀ ਹੈ। ਜ਼ਿੰਦਗੀ ‘ਚ ਨਵੀਂ ਚੇਤਨਾ ਦਾ ਸੰਚਾਰ ਹੋ ਜਾਂਦਾ ਹੈ। ਸਵੇਰ ਤੋਂ ਸ਼ਾਮ ਤਕ ਇਨਸਾਨ ਦੌੜ-ਭੱਜ, ਦੁੱਖ, ਮੁਸੀਬਤਾਂ ਅਤੇ ਹੋਰ ਪ੍ਰੇਸ਼ਾਨੀਆਂ ਝੱਲਦਾ ਹੈ। ਅਜਿਹੇ ਸਮੇਂ ਪਰਿਵਾਰ ਹੀ ਇਨ੍ਹਾਂ ਪ੍ਰੇਸ਼ਾਨੀਆਂ ਤੋਂ ਛੁਟਕਾਰਾ ਦਿਵਾ ਕੇ ਨਿਰਾਸ਼ ਜ਼ਿੰਦਗੀ ‘ਚ ਪਿਆਰ ਦਾ ਰਸ ਵਹਾ ਕੇ ਇਕ ਅਮੁੱਲ ਖਜ਼ਾਨਾ ਪ੍ਰਦਾਨ ਕਰਦਾ ਹੈ ਜਿਸ ਨੂੰ ਪਾ ਕੇ ਮਨੁੱਖ ਆਪਣੇ ਆਪ ਨੂੰ ਵਡਭਾਗਾ ਸਮਝਦਾ ਹੈ ਅਤੇ ਇਕ ਨਵੀਂ ਊਰਜਾ ਦਾ ਸੰਚਾਰ ਹੁੰਦਾ ਹੈ। ਵਿਅਕਤੀ ਪੱਛਮੀ ਧਾਰਨਾ ਦਾ ਅਨੁਸਰਨ ਕਰਦੇ ਹੋਏ ਖੁਦ ਨੂੰ ਆਪਣੇ ਆਪ ‘ਚ ਪੂਰਾ ਸਮਝਣ ਦੀ ਭੁੱਲ ਕਰਨ ਲੱਗਦਾ ਹੈ ਜਿਸ ਦੇ ਲਈ ਕਾਫੀ ਹੱਦ ਤਕ ਸਮਾਜਿਕ ਬਣਤਰ ਅਤੇ ਪਰਿਵਾਰਕ ਮਜਬੂਰੀਆਂ ਵੀ ਜ਼ਿੰਮੇਦਾਰ ਹੁੰਦੀਆਂ ਹਨ। ਵਿਅਕਤੀ ਆਪਣੇ ਆਪ ‘ਚ ਅਧਿਆਤਮਕ ਰੂਪ ‘ਚ ਪੂਰਾ ਹੋਣ ਦੀ ਕੋਸ਼ਿਸ਼ ਕਰ ਸਕਦਾ ਹੈ ਪਰ ਸਮਾਜਿਕ ਰੂਪ ‘ਚ ਉਸ ਨੂੰ ਆਪਣੇ ਸਮੇਂ ਅਤੇ ਉਸ ਦੇ ਹਾਲਾਤ ‘ਚ ਹੀ ਸਾਹ ਲੈਣਾ ਪੈਂਦਾ ਹੈ। ਇਕੱਲਾਪਨ ਤਣਾਅ ਦਿੰਦਾ ਹੈ ਜਦਕਿ ਪਰਿਵਾਰ ਮਨੁੱਖੀ ਸੰਬੰਧਾਂ ਦਾ ਮਜ਼ਬੂਤ ਰੂਪ ਹੈ ਜੋ ਤੇਜ਼ ਤੂਫਾਨ ਦਾ ਸਾਹਮਣਾ ਕਰਨ ਦੇ ਬਾਵਜੂਦ ਆਪਣਾ ਵਜੂਦ ਬਣਾਈ ਰਖਦਾ ਹੈ। ਔਰਤ-ਮਰਦ ਸੰਬੰਧਾਂ ‘ਚ ਇਕ ਨਵਾਂ ਮੋੜ ਲਿਵ-ਇਨ-ਰਿਲੇਸ਼ਨਸ਼ਿਪ ਦਾ ਆਇਆ ਹੈ ਜੋਕਿ ਉਨ੍ਹਾਂ ਦੀ ਆਪਸੀ ਸਮਝ ਦਾ ਵਿਅਕਤੀਗਤ ਮਾਮਲਾ ਹੈ। ਚਾਹੇ ਸੁਪਰੀਮ ਕੋਰਟ ਨੇ ਅਜਿਹੇ ਰਿਸ਼ਤਿਆਂ ਪ੍ਰਤੀ ਸਹਿਮਤੀ ਦੇ ਦਿੱਤੀ ਹੈ ਪਰ ਭਾਰਤੀ ਪਰਿਵਾਰ ਦੀ ਧਾਰਨਾ ‘ਚ ਲਿਵ-ਇਨ-ਰਿਲੇਸ਼ਨਸ਼ਿਪ ਲਈ ਕੋਈ ਜਗ੍ਹਾ ਨਹੀਂ ਹੈ। ਇਹ ਸਿਰਫ ਇਕ ਸਰੀਰਕ ਆਕਰਸ਼ਣ ਜਾਂ ਦੋਵੇਂ ਪੱਖਾਂ ਦੀ ਇੱਛਾਪੂਰਤੀ ਹੋ ਸਕਦੀ ਹੈ ਜਿਸ ਵਿਚ ਉਹ ਆਪਣੇ ਸੁਖ-ਦੁੱਖ ਜਾਂ ਜ਼ਰੂਰਤਾਂ ਆਪਸੀ ਸਹਿਯੋਗ ਨਾਲ ਵੰਡ ਸਕਣ ਪਰ ਅਜਿਹੇ ਸੰਬੰਧ ਪਰਿਵਾਰ ਦਾ ਸੁਖ ਨਹੀਂ ਦੇ ਸਕਦੇ, ਜਿਨ੍ਹਾਂ ਵਿਚ ਜ਼ਿੰਮੇਦਾਰੀ ਹੀ ਨਾ ਹੋਵੇ। ਪਰਿਵਾਰਕ ਵੱਖਰੇਪਣ ਦੀ ਸਥਿਤੀ ‘ਚ ਅਜਿਹੇ ਸੰਬੰਧਾਂ ਨੂੰ ਉਤਸ਼ਾਹ ਮਿਲਦਾ ਹੈ। ਪਰਿਵਾਰ ਦੇ ਹਰੇਕ ਮੈਂਬਰ ਨੂੰ ਆਪਣਾ ਫਰਜ਼ ਸਮਝਣਾ ਚਾਹੀਦਾ ਹੈ। ਕਿਸੇ ਵੀ ਸਥਿਤੀ ਲਈ ਕਿਸੇ ਇਕ ਵਿਅਕਤੀ ਨੂੰ ਜ਼ਿੰਮੇਦਾਰ ਨਾ ਮੰਨੋ। ਆਪਣੇ ਅੰਦਰ ਹਰੇਕ ਸਥਿਤੀ ਲਈ ਇਕ ਰਚਨਾਤਮਕ ਜਵਾਬ ਪਾਉਣ ਦੀ ਸਮਰੱਥਾ ਜਗਾਓ। ਹਰੇਕ ਸਮੱਸਿਆ ਦੇ ਅੰਦਰ ਮੌਕੇ ਦੇ ਬੀਜ ਲੁਕੇ ਹੁੰਦੇ ਹਨ ਅਤੇ ਇਹ ਜਾਗਰੂਕਤਾ ਸਾਨੂੰ ਕਿਸੇ ਵੀ ਪਲ ਨੂੰ ਲੈ ਕੇ ਇਕ ਬਿਹਤਰ ਸਥਿਤੀ ਬਣਾਉਣ ਦੀ ਇਜਾਜ਼ਤ ਦਿੰਦੀ ਹੈ। ਪਰਿਵਾਰਾਂ ਦੇ ਟੁੱਟਣ ਦਾ ਪ੍ਰਤੱਖ ਪ੍ਰਮਾਣ ਹੈ ਕਈ ਜਗ੍ਹਾ ਸਥਾਪਤ ਹੋ ਰਹੇ ਬਿਰਧ ਆਸ਼ਰਮ ਅਤੇ ਉਨ੍ਹਾਂ ਵਿਚ ਲਗਾਤਾਰ ਵਧ ਰਹੀ ਬਜ਼ੁਰਗਾਂ ਦੀ ਗਿਣਤੀ। ਕਿੰਨੇ ਅਫਸੋਸ ਦੀ ਗੱਲ ਹੈ ਕਿ ਮਾਤਾ-ਪਿਤਾ ਆਪਣੇ ਦੋ-ਤਿੰਨ ਬੱਚਿਆਂ ਨੂੰ ਆਰਥਿਕ ਪੱਧਰ ‘ਤੇ ਮਜ਼ਬੂਤ ਬਣਾਉਣ ਲਈ ਆਪਣੀ ਜ਼ਿੰਦਗੀ ਦੀ ਪੂੰਜੀ ਖੁਸ਼ੀ-ਖੁਸ਼ੀ ਵਾਰ ਦਿੰਦੇ ਹਨ ਪਰ ਉਹੀ ਦੋ-ਤਿੰਨ ਬੱਚੇ ਮਿਲ ਕੇ ਵੀ ਇਕ ਮਾਤਾ-ਪਿਤਾ ਨੂੰ ਸਹਾਰਾ ਨਹੀਂ ਦੇ ਸਕਦੇ। ਸਮੇਂ ਦਾ ਚੱਕਰ ਜਿਸ ਜਗ੍ਹਾ ਤੋਂ ਸ਼ੁਰੂ ਹੁੰਦਾ ਹੈ ਉਸੇ ਜਗ੍ਹਾ ‘ਤੇ ਆ ਕੇ ਰੁਕਦਾ ਹੈ। ਅੱਜ ਜਿਹੜੇ ਬੱਚੇ ਆਪਣੇ ਮਾਤਾ-ਪਿਤਾ ਨਾਲ ਗਲਤ ਵਿਵਹਾਰ ਕਰਨਗੇ ਕੱਲ ਨੂੰ ਉਨ੍ਹਾਂ ਦੇ ਬੱਚੇ ਵੀ ਉਨ੍ਹਾਂ ਨਾਲ ਉਸੇ ਤਰ੍ਹਾਂ ਕਰਨਗੇ। ਚੰਗੇ ਸੰਸਕਾਰਾਂ ਵਾਲੀ ਅਤੇ ਪ੍ਰਤਿਭਾਸ਼ਾਲੀ ਪੀੜ੍ਹੀ ਤਿਆਰ ਕਰਕੇ ਹੀ ਟੁੱਟਦੇ ਪਰਿਵਾਰਾਂ ਅਤੇ ਉਨ੍ਹਾਂ ਦੇ ਮਹੱਤਵ ਨੂੰ ਦਿਸ਼ਾਹੀਣ ਹੋਣ ਤੋਂ ਰੋਕਿਆ ਜਾ ਸਕਦਾ ਹੈ। ਪਸ਼ੂ-ਪੰਛੀ ਵੀ ਦਿਨ ਭਰ ਇਧਰ-ਉਧਰ ਘੁੰਮ-ਫਿਰ ਕੇ ਸ਼ਾਮ ਨੂੰ ਥੱਕ-ਹਾਰ ਕੇ ਆਪਣੇ ਆਲ੍ਹਣੇ ਵਿਚ ਹੀ ਜਾਂਦੇ ਹਨ। ਪਰਿਵਾਰ ਵਿਚ ਇਕ ਅਜਿਹੀ ਕਸਕ ਹੋਣੀ ਚਾਹੀਦੀ ਹੈ ਜੋ ਚੁੰਬਕ ਦੀ ਤਰ੍ਹਾਂ ਸਾਰਿਆਂ ਨੂੰ ਇਕ-ਦੂਜੇ ਪ੍ਰਤੀ ਅਨੋਖੀ ਖਿੱਚ ਮਹਿਸੂਸ ਕਰਵਾਏ ਜਿਸ ਨਾਲ ਉਹ ਅਜਿਹੀ ਪਿਆਰ ਦੀ ਡੋਰ ਵਿਚ ਬੱਝੇ ਇਕ-ਦੂਜੇ ਵੱਲ ਖਿੱਚਦੇ ਚਲੇ ਜਾਣ। ਮਾਤਾ-ਪਿਤਾ ਦਾ ਕੰਟਰੋਲ ਅਤੇ ਸਹੀ ਰਵੱਈਆ ਵੀ ਜ਼ਰੂਰੀ ਹੈ ਕਿਉਂਕਿ ਅਕਸਰ ਥੋੜ੍ਹੀ ਢਿੱਲ ਦੇਣ ਨਾਲ ਡੋਰ ਟੁੱਟਣ ਦਾ ਖਦਸ਼ਾ ਬਣਿਆ ਰਹਿੰਦਾ ਹੈ। ਜ਼ਿੰਦਗੀ ਵਿਚ ਇਨਸਾਨ ਜਿੰਨੀ ਮਰਜ਼ੀ ਤਰੱਕੀ ਕਰ ਲਵੇ, ਮਨਚਾਹਿਆ ਸੁਖ, ਧਨ, ਜਾਇਦਾਦ ਅਤੇ ਸਫਲਤਾ ਪ੍ਰਾਪਤ ਕਰ ਲਵੇ ਜ਼ਿੰਦਗੀ ਦਾ ਪੱਧਰ ਜਿੰਨਾ ਮਰਜ਼ੀ ਆਨੰਦ ਭਰਿਆ ਹੋਵੇ, ਹਰੇਕ ਖੇਤਰ ‘ਚ ਖੁਸ਼ਹਾਲੀ, ਕੋਈ ਘਾਟ ਨਾ ਹੋਵੇ ਪਰ ਅਸਲੀ ਜਾਇਦਾਦ ਤਾਂ ਪਰਿਵਾਰ ਹੀ ਹੈ ਜਿਸ ਨਾਲ ਜ਼ਿੰਦਗੀ ਸਾਰਥਕ ਹੁੰਦੀ ਹੈ। ਧੰਨਵਾਦ ਸਾਹਿਤ ਜਗ ਬਾਣੀ 'ਚੋਂ 13.05.2011 ਦ ਸਾਹਿਤ ਅਜੀਤ ਜਲੰਧਰ 'ਚੋਂ 16.02.2012 ਅੱਜਕਲ੍ਹ ਦੀ ਮੰਗ: ਆਧੁਨਿਕ ਸੱਸ - ਊਸ਼ਾ ਜੈਨ ਸ਼ੀਰੀ <-> ਵਾਕਿਆ ਹੀ ਹੈ ਫਰਕ ਨੂੰਹ ਤੇ ਧੀ ਵਿਚ? - ਸੁਰਜੀਤ ਸਿੰਘ ਲਾਂਬੜਾ ਅੱਜਕਲ੍ਹ ਦੀ ਮੰਗ: ਆਧੁਨਿਕ ਸੱਸ - ਊਸ਼ਾ ਜੈਨ ਸ਼ੀਰੀ [Aajkal+di+Mang.jpg] ਸਮਝਦਾਰੀ ਇਸ ਵਿਚ ਹੈ ਕਿ ਸਮੇਂ ਦੇ ਨਾਲ ਆਪਣੀ ਸੋਚ ਨੂੰ ਬਦਲਿਆ ਜਾਵੇ। ਹੁਣ ਸੱਸ ਦੇ ਆਧੁਨਿਕ ਪਹਿਰਾਵੇ 'ਤੇ ਨਾ ਨੂੰਹ ਨੂੰ ਇਤਰਾਜ਼ ਹੈ ਅਤੇ ਨਾ ਹੀ ਸੱਸ ਨੂੰ ਨੂੰਹ ਦੇ ਆਧੁਨਿਕ ਪਹਿਰਾਵੇ 'ਤੇ। ਹੁਣ ਤੱਕ ਆਧੁਨਿਕ ਸੱਸ ਮਖੌਲ ਦਾ ਪਾਤਰ ਬਣਿਆ ਕਰਦੀ ਸੀ। ਲੋਕ-ਗੀਤਾਂ ਵਿਚ ਉਸ ਦਾ ਖੂਬ ਮਖੌਲ ਉਡਾਇਆ ਗਿਆ ਹੈ। ਹੁਣ ਇਹੀ ਆਧੁਨਿਕ ਤੌਰ-ਤਰੀਕਾ ਸੱਸ ਦਾ ਵਿਸ਼ੇਸ਼ ਗੁਣ ਮੰਨਿਆ ਜਾਂਦਾ ਹੈ ਪਰ ਜਿਵੇਂ ਹਰ ਗੱਲ ਇਕ ਸੀਮਾ ਵਿਚ ਹੀ ਠੀਕ ਲਗਦੀ ਹੈ, ਉਸੇ ਤਰ੍ਹਾਂ ਆਧੁਨਿਕਤਾ ਵੀ ਮਰਿਆਦਾ ਵਿਚ ਰਹੇ ਤਾਂ ਹੀ ਘਰ-ਪਰਿਵਾਰ ਖੁਸ਼ਹਾਲ ਰਹਿ ਸਕਦਾ ਹੈ। ਸੱਸ-ਨੂੰਹ ਕਿੰਨੀਆਂ ਵੀ ਨਜ਼ਦੀਕ ਕਿਉਂ ਨਾ ਹੋਣ, ਇਸ ਰਿਸ਼ਤੇ ਦੀ ਮੰਗ ਉਚਿਤ ਮਰਿਆਦਾ ਹੈ। ਹਾਸਾ-ਮਜ਼ਾਕ, ਗੱਲਬਾਤ ਅਤੇ ਵਿਵਹਾਰ ਵਿਚ ਵੀ ਮਰਿਆਦਾ ਝਲਕਣੀ ਚਾਹੀਦੀ ਹੈ। ਉਮਰ ਦਾ ਫਰਕ ਹੋਣ ਤੋਂ ਜ਼ਾਹਿਰ ਹੈ ਕਿ ਉਨ੍ਹਾਂ ਦੇ ਪਹਿਰਾਵੇ, ਹਾਰ-ਸ਼ਿੰਗਾਰ, ਤੌਰ-ਤਰੀਕਿਆਂ ਵਿਚ ਅੰਤਰ ਹੋਵੇਗਾ। ਹੁਣ ਜੇਕਰ ਸੱਸ, ਨੂੰਹ ਦੀ ਨਕਲ ਕਰਕੇ ਉਸ ਤਰ੍ਹਾਂ ਦਾ ਪਹਿਰਾਵਾ ਅਤੇ ਹਾਰ-ਸ਼ਿੰਗਾਰ ਕਰੇਗੀ ਤਾਂ ਉਹ ਉਸ ਨੂੰ ਜ਼ਰਾ ਵੀ ਨਹੀਂ ਸਜੇਗਾ। ਸੱਸ ਨੂੰ ਤਜਰਬਾ ਹੈ, ਜੀਵਨ ਵਿਚ ਉਸ ਨੇ ਬਹੁਤ ਉਤਰਾਅ-ਚੜ੍ਹਾਅ ਦੇਖੇ ਹਨ। ਨੂੰਹ ਅਜੇ ਏਨੀ ਪ੍ਰਪੱਕ ਨਹੀਂ ਹੈ। ਇਸ ਲਈ ਉਸ ਦੀਆਂ ਗ਼ਲਤੀਆਂ ਨੂੰ ਮਨ ਵਿਚ ਨਾ ਬਿਠਾਉਂਦੇ ਹੋਏ ਉਸ ਨੂੰ ਪਿਆਰ ਨਾਲ ਸਮਝਾਓ ਅਤੇ ਗ਼ਲਤੀਆਂ ਮੁਆਫ਼ ਕਰ ਦਿਓ। ਸਮਾਜ ਵਿਚ ਉਸ ਨੇ ਇਕ ਮੁਕਾਮ ਹਾਸਲ ਕੀਤਾ ਹੈ ਅਤੇ ਇੱਜ਼ਤ ਬਣਾਈ ਹੈ, ਜਿਸ ਦੀ ਉਸ ਨੂੰ ਪ੍ਰਵਾਹ ਹੈ। ਇਹ ਸੁਭਾਵਿਕ ਹੈ ਕਿ ਨੂੰਹ ਨਾਲ ਕਦੇ ਨਾ ਕਦੇ ਕਿਸੇ ਕਾਰਨ ਲੜਾਈ-ਝਗੜਾ ਜਾਂ ਨੋਕ-ਝੋਕ ਹੋ ਜਾਂਦੀ ਹੈ ਪਰ ਉਹ ਕਦੇ ਘਰ ਦੀਆਂ ਗੱਲਾਂ ਬਾਹਰ ਵਾਲਿਆਂ ਸਾਹਮਣੇ ਨਹੀਂ ਕਰਦੀ, ਕਿਉਂਕਿ ਉਸ ਨੂੰ ਪਤਾ ਹੈ ਲੋਕਾਂ ਦੀ ਮਾਨਸਿਕਤਾ ਜੋ ਦੂਜਿਆਂ ਦੇ ਘਰਾਂ ਦੀਆਂ ਗੱਲਾਂ ਬੜੇ ਚਾਅ ਨਾਲ ਸੁਣ ਕੇ ਫਿਰ ਕੇਵਲ ਮਜ਼ਾਕ ਬਣਾਉਣ ਅਤੇ ਇਧਰ-ਉਧਰ ਫੈਲਾਉਣ ਤੱਕ ਹੀ ਸੀਮਤ ਹੈ। ਪ੍ਰਸੰਸਾ ਦੇ ਚਮਤਕਾਰ ਤੋਂ ਵਾਕਿਫ ਉਹ ਦਿਲ ਖੋਲ੍ਹ ਕੇ ਨੂੰਹ ਦੀ ਤਾਰੀਫ ਕਰਦੀ ਹੈ ਅਤੇ ਪਿਆਰ ਦਾ ਇਜ਼ਹਾਰ ਕਰਨ ਵਿਚ ਵੀ ਪਿੱਛੇ ਨਹੀਂ ਰਹਿੰਦੀ। ਉਹ ਆਪਣੇ ਅਤੇ ਨੂੰਹ ਦੇ ਰਿਸ਼ਤੇ ਵਿਚ ਆਕੜ ਨੂੰ ਆਪਣੇ 'ਤੇ ਹਾਵੀ ਨਹੀਂ ਹੋਣ ਦਿੰਦੀ। ਉਸ ਦੇ ਆਪਣੇ ਸ਼ੌਕ ਹਨ। ਪਹਿਲੇ ਸਮੇਂ ਦੀਆਂ ਸੱਸਾਂ ਵਾਂਗ ਉਹ ਹਰ ਸਮੇਂ ਨੂੰਹ ਦੇ ਤੌਰ-ਤਰੀਕਿਆਂ 'ਤੇ ਕਰੜੀ ਨਜ਼ਰ ਰੱਖ ਕੇ ਉਸ ਦਾ ਜਿਉਣਾ ਹਰਾਮ ਨਹੀਂ ਕਰਦੀ, ਸਗੋਂ ਉਸ ਨੂੰ ਵਿਕਸਿਤ ਹੋਣ ਲਈ ਉਚਿਤ ਮਾਹੌਲ ਦਿੰਦੀ ਹੈ। ਇਕ ਸਫਲ ਸੱਸ ਉਹ ਹੈ, ਜੋ ਨੂੰਹ ਸਾਹਮਣੇ ਚੰਗੀ ਉਦਾਹਰਨ ਪੇਸ਼ ਕਰਦੀ ਹੈ। ਅਸਲ ਵਿਚ ਸੱਸ ਜੀਵਨ ਦੀ ਦੂਜੀ ਪਾਰੀ ਵੀ ਬੜੀ ਕੁਸ਼ਲਤਾ ਨਾਲ ਖੇਡ ਰਹੀ ਹੈ। ਉਹ ਨੂੰਹ ਦੇ ਦੌਰ 'ਚੋਂ ਲੰਘ ਚੁੱਕੀ ਹੈ। ਇਸ ਲਈ ਉਹ ਨੂੰਹ ਦੀਆਂ ਇੱਛਾਵਾਂ ਅਤੇ ਭਾਵਨਾਵਾਂ ਨੂੰ ਖੂਬ ਸਮਝਦੀ ਹੈ। ਉਸ ਦੀਆਂ ਭਾਵਨਾਵਾਂ ਨੂੰ ਠੇਸ ਲੱਗੇ, ਅਜਿਹਾ ਉਹ ਕੁਝ ਵੀ ਨਹੀਂ ਕਰਦੀ। ਉਹ ਨੂੰਹ ਦੇ ਨਾਲ ਬਣਾ ਕੇ ਰੱਖਣ ਵਿਚ ਵਿਸ਼ਵਾਸ ਰੱਖਦੀ ਹੈ, ਕਿਉਂਕਿ ਨੂੰਹ ਆਪਣੀ ਹੋਵੇਗੀ, ਤਾਂ ਹੀ ਬੇਟਾ ਆਪਣਾ ਰਹੇਗਾ। ਧੰਨਵਾਦ ਸਾਹਿਤ ਅਜੀਤ ਜਲੰਧਰ 'ਚੋਂ 21.07.2011 ਵਾਕਿਆ ਹੀ ਹੈ ਫਰਕ ਨੂੰਹ ਤੇ ਧੀ ਵਿਚ? -ਸੁਰਜੀਤ ਸਿੰਘ ਲਾਂਬੜਾ [vaki.jpg] ਭਾਰਤੀ ਸਮਾਜ ਵਿਚ ਔਰਤ ਨਾਲ ਜਨਮ ਤੋਂ ਹੀ ਵਿਤਕਰੇ ਹੋਣੇ ਸ਼ੁਰੂ ਹੋ ਜਾਂਦੇ ਹਨ, ਪਰ ਇਸਤਰੀ ਸਮਾਜ ਦੀ ਇਕ ਮੂਲ ਇਕਾਈ ਨੂੰਹ ਇਸ ਵਿਤਕਰਿਆਂ ਦਾ ਜ਼ਿਆਦਾ ਸ਼ਿਕਾਰ ਹੁੰਦੀ ਹੈ। ਸਾਡੇ ਸਮਾਜ ਵਿਚ ਨੂੰਹ ਅਤੇ ਧੀ ਨੂੰ ਵੱਖਰੇ-ਵੱਖਰੇ ਨਜ਼ਰੀਏ ਤੋਂ ਵੇਖਿਆ ਜਾਂਦਾ ਹੈ ਅਤੇ ਵਰਤੋਂ ਵਿਹਾਰ ਵੀ ਇਨ੍ਹਾਂ ਨਾਲ ਵੱਖੋ-ਵੱਖਰੀ ਸੋਚ ਰਾਹੀਂ ਕੀਤਾ ਜਾਂਦਾ ਹੈ। ਧੀ ਨੂੰ ਆਪਣਾ ਖੂਨ ਹੋਣ ਕਾਰਨ ਪੂਰਾ ਲਾਡ ਲਡਾਇਆ ਜਾਂਦਾ ਹੈ ਅਤੇ ਦਿਲ ਦੀ ਸਾਂਝ ਉਸ ਨਾਲ ਰੱਖੀ ਜਾਂਦੀ ਹੈ। ਨੂੰਹ ਜੋ ਕਿ ਦੂਜੇ ਪਰਿਵਾਰ ਤੋਂ ਆ ਕੇ ਸਹੁਰਾ ਪਰਿਵਾਰ ਵਿਚ ਪੱਕੇ ਤੌਰ 'ਤੇ ਸੰਬੰਧ ਜੋੜਦੀ ਹੈ, ਉਸ ਨੂੰ ਬਣਦਾ ਪਿਆਰ ਤੇ ਸਤਿਕਾਰ ਧੀ ਦੇ ਸਾਮਾਨ ਨਹੀਂ ਮਿਲਦਾ, ਜੋ ਕਿ ਮਿਲਣਾ ਬਹੁਤ ਜ਼ਰੂਰੀ ਹੈ, ਕਿਉਂਕਿ ਉਸ ਨੇ ਨਵੇਂ ਸਿਰਿਉਂ, ਨਵੇਂ ਪਰਿਵਾਰ, ਨਵੇਂ ਰਿਸ਼ਤਿਆਂ ਨਾਲ ਆਪਣੀ ਜ਼ਿੰਦਗੀ ਸ਼ੁਰੂ ਕਰਕੇ ਉਸ ਪਰਿਵਾਰ ਨੂੰ ਜ਼ਿੰਮੇਵਾਰੀ ਨਾਲ ਅੱਗੇ ਤੋਰਨਾ ਹੁੰਦਾ ਹੈ। ਇਹ ਤਦ ਹੀ ਸੰਭਵ ਹੋਵੇਗਾ ਜੇਕਰ ਸਹੁਰਾ ਪਰਿਵਾਰ ਉਸ ਨੂੰ ਧੀ ਨਾਲੋਂ ਵੀ ਵੱਧ ਪਿਆਰ ਦੇਵੇਗਾ। ਜਦੋਂ ਸਹੁਰਾ ਪਰਿਵਾਰ ਆਪਣੀ ਨੂੰਹ ਨਾਲ ਵਿਤਕਰਾ ਕਰਦਾ ਹੈ ਤਾਂ ਸ਼ਾਇਦ ਉਹ ਇਹ ਗੱਲ ਭੁੱਲ ਜਾਂਦਾ ਹੈ ਕਿ ਉਨ੍ਹਾਂ ਦੀ ਲਾਡਲੀ ਧੀ ਨੇ ਵੀ ਕਿਸੇ ਦੀ ਨੂੰਹ ਬਣਨਾ ਹੈ। ਨੂੰਹ ਦੀ ਕੁੱਖ ਤੋਂ ਜਨਮੇ ਬੱਚਿਆਂ ਨੂੰ ਤਾਂ ਪੂਰਾ ਲਾਡ ਲਡਾਇਆ ਜਾਂਦਾ ਹੈ ਅਤੇ ਮੂਲ ਨਾਲੋਂ ਵਿਆਜ ਪਿਆਰਾ ਸਮਝਿਆ ਜਾਂਦਾ ਹੈ, ਪਰ ਨੂੰਹ, ਜੋ ਕਿ ਉਨ੍ਹਾਂ ਬੱਚਿਆਂ ਦੀ ਜਨਣੀ ਹੈ, ਨੂੰ ਧੀ ਦੀ ਤਰ੍ਹਾਂ ਕਿਉਂ ਨਹੀਂ ਅਪਣਾਇਆ ਜਾਂਦਾ। ਇਸ ਵਿਤਕਰੇ ਕਾਰਨ ਹੀ ਸਾਡੇ ਬਹੁਤ ਸਾਰੇ ਪਰਿਵਾਰਾਂ ਵਿਚ ਤ੍ਰੇੜਾਂ ਪੈ ਚੁੱਕੀਆਂ ਹਨ ਅਤੇ ਬਹੁਤ ਸਾਰੇ ਹਾਦਸੇ ਵਾਪਰ ਚੁੱਕੇ ਹਨ। ਇਸ ਦਾ ਇਕ ਵੱਡਾ ਕਾਰਨ ਹੈ ਦਹੇਜ ਪ੍ਰਥਾ। ਸਾਡੇ ਸਮਾਜ ਵਿਚ ਦੁਲਹਨ ਤੋਂ ਜ਼ਿਆਦਾ ਦਹੇਜ ਪਿਆਰਾ ਸਮਝਿਆ ਜਾਂਦਾ ਹੈ। ਅਗਰ ਅਸੀਂ ਆਪਣੇ ਪਰਿਵਾਰਾਂ ਨੂੰ ਜੋੜ ਕੇ ਰੱਖਣਾ ਚਾਹੁੰਦੇ ਹਾਂ ਤਾਂ ਸਭ ਤੋਂ ਪਹਿਲਾਂ ਸਾਨੂੰ ਲਾਲਚ ਵਰਗੀ ਬੁਰਾਈ ਦੂਰ ਕਰਕੇ ਨੂੰਹ ਨੂੰ ਧੀ ਤੋਂ ਵੀ ਵੱਧ ਬਣਦਾ ਪਿਆਰ-ਸਤਿਕਾਰ ਦੇਣਾ ਪਵੇਗਾ ਅਤੇ ਉਸ ਨਾਲ ਦਿਲੋਂ ਸਾਂਝ ਪਾ ਕੇ ਉਸ ਦੀਆਂ ਸਮੱਸਿਆਵਾਂ ਦਾ ਹੱਲ ਕਰਨਾ ਹੋਵੇਗਾ। ਇਹ ਸਭ ਤਦ ਹੀ ਹੋ ਸਕਦਾ ਹੈ ਜੇਕਰ ਸਾਡੀ ਸੋਚ ਸਾਰਥਿਕ ਹੋਵੇਗੀ। ਇਹ ਵਧੀਆ ਸੋਚ ਹੀ ਸਾਨੂੰ ਵਧੀਆ ਦਿਸ਼ਾ ਵੱਲ ਲੈ ਕੇ ਜਾ ਸਕਦੀ ਹੈ। ਨੂੰਹਾਂ ਤੇ ਧੀਆਂ ਦੀ ਸਮਾਨਤਾ ਬਾਰੇ ਮੈਂ ਇਕ ਸ਼ੇਅਰ ਵਿਚ ਆਪਣੇ ਭਾਵ ਇੰਜ ਵਿਅੱਕਤ ਕੀਤੇ ਹਨ : 'ਜਦ ਹਰ ਕੋਈ ਨੂੰਹ ਆਪਣੀ ਨੂੰ ਧੀ ਵਾਂਗਰ ਅਪਣਾਏਗਾ ਨੂੰਹ ਤੇ ਧੀ ਦਾ ਫ਼ਰਕ ਦਿਲਾਂ 'ਚੋਂ ਆਪੇ ਹੀ ਮਿਟ ਜਾਏਗਾ।' ਧੰਨਵਾਦ ਸਾਹਿਤ ਅਜੀਤ ਜਲੰਧਰ 'ਚੋਂ 07.04.2011 ਬਜ਼ੁਰਗਾਂ ਨੂੰ ਕਿਵੇਂ ਕਰ ਸਕਦੇ ਹੋ ਅਣਡਿੱਠ? - ਰਾਜਿੰਦਰ ਸਵਾਮੀ 'ਲਵਲੀ' ਪਰਿਵਾਰਾਂ ਵਿਚ ਸਾਂਝੇ ਪਰਿਵਾਰਾਂ ਦੀ ਵਿਵਸਥਾ ਦਿਨ-ਬਦਿਨ ਘਟਦੀ ਜਾ ਰਹੀ ਹੈ। ਵਧਦੀ ਆਧੁਨਿਕਤਾ ਅਤੇ ਸੁਤੰਤਰਤਾ ਪਸੰਦ ਜੀਵਨ-ਸ਼ੈਲੀ ਨੇ ਉਮਰ ਦੇ ਆਖਰੀ ਪੜਾਅ 'ਤੇ ਚੱਲ ਰਹੇ ਬਜ਼ੁਰਗਾਂ ਦੀ ਦਸ਼ਾ ਨੂੰ ਸਭ ਤੋਂ ਜ਼ਿਆਦਾ ਪ੍ਰਭਾਵਿਤ ਕੀਤਾ ਹੈ। ਬਜ਼ੁਰਗਾਂ ਨੂੰ ਨਜ਼ਰ-ਅੰਦਾਜ਼ ਕਰਨਾ ਇਥੋਂ ਤੱਕ ਪਹੁੰਚ ਚੁੱਕਾ ਹੈ ਕਿ ਜਵਾਨ ਹੁੰਦੇ ਬੱਚੇ ਮਾਤਾ-ਪਿਤਾ ਦੇ ਮਾਣ-ਸਤਿਕਾਰ ਦੀ ਪ੍ਰਵਾਹ ਕੀਤੇ ਬਿਨਾਂ ਖੁਦ ਹੀ ਫੈਸਲੇ ਲੈ ਕੇ ਉਨ੍ਹਾਂ ਦੀਆਂ ਇੱਛਾਵਾਂ ਅਤੇ ਤਜਰਬੇ ਦਾ ਪੂਰਾ ਮਖੌਲ ਉਡਾ ਰਹੇ ਹਨ। ਜ਼ਰਾ ਤੁਸੀਂ ਵੀ ਸੋਚੋ ਕਿ ਕੱਲ੍ਹ ਤੁਸੀਂ ਵੀ ਬਜ਼ੁਰਗ ਹੋਣਾ ਹੈ। ਕੀ ਤੁਸੀਂ ਆਪਣੇ ਬੱਚਿਆਂ ਦੀਆਂ ਠੋਕਰਾਂ ਖਾਣ ਨੂੰ ਤਿਆਰ ਹੋ? ਅੱਜ ਹਾਲਾਤ ਇਹ ਹਨ ਕਿ ਸਾਡੇ ਪਰਿਵਾਰਾਂ ਵਿਚ ਆ ਰਹੇ ਸੱਭਿਆਚਾਰਕ ਪਰਿਵਰਤਨਾਂ ਅਤੇ ਸਮਾਜਿਕ ਪੱਧਰ ਦੇ ਬਦਲਾਅ ਨੇ ਬਜ਼ੁਰਗਾਂ ਦੀ ਦਸ਼ਾ ਨੂੰ ਹੋਰ ਵੀ ਦੁਖਦਾਈ ਬਣਾ ਦਿੱਤਾ ਹੈ। ਸਰਕਾਰ ਦੁਆਰਾ ਚਲਾਈਆਂ ਜਾ ਰਹੀਆਂ ਯੋਜਨਾਵਾਂ ਦਾ ਲਾਭ ਸੀਨੀਅਰ ਨਾਗਰਿਕਾਂ ਨੂੰ ਨਹੀਂ ਮਿਲ ਰਿਹਾ ਹੈ। ਕੀ ਜ਼ਮਾਨਾ ਆ ਗਿਆ ਹੈ ਕਿ ਸਾਡੇ ਬਜ਼ੁਰਗਾਂ ਨੂੰ ਆਪਣਿਆਂ ਦੇ ਵਿਚਕਾਰ ਹੀ ਤ੍ਰਿਸਕਾਰ, ਅਵਹੇਲਣਾ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਪਾਗਲ ਹੋ ਗਏ ਹਨ, ਆਦਤ ਤੋਂ ਲਾਚਾਰ ਹਨ, ਪਤਾ ਨਹੀਂ ਕੀ ਹੁੰਦਾ ਜਾ ਰਿਹਾ ਹੈ ਇਨ੍ਹਾਂ ਨੂੰ, ਘਰ ਵਿਚ ਨੂੰਹਾਂ-ਪੁੱਤਰਾਂ ਦੀਆਂ ਇਸ ਪ੍ਰਕਾਰ ਦੀਆਂ ਤਾਹਨਿਆਂ ਭਰੀਆਂ ਗੱਲਾਂ ਸੁਣ-ਸੁਣ ਕੇ ਬਜ਼ੁਰਗ ਨਿਰਾਸ਼ ਹੋ ਜਾਂਦੇ ਹਨ। ਆਪਣੀ ਹਰ ਖੁਸ਼ੀ ਨੂੰ ਤੁਹਾਡੇ ਲਈ ਕੁਰਬਾਨ ਕਰਨ ਵਾਲੇ, ਆਪਣੇ ਦਰਦ ਦਬਾ ਕੇ ਦਿਨ-ਰਾਤ ਮਿਹਨਤ ਕਰਨ ਵਾਲੇ, ਆਪਣੀ ਭੁੱਖ-ਪਿਆਸ ਦੀ ਪ੍ਰਵਾਹ ਕੀਤੇ ਬਿਨਾਂ ਬੱਚਿਆਂ ਦੀ ਪ੍ਰਵਾਹ ਕਰਨ ਵਾਲੇ ਅੱਜ ਤਿਲ-ਤਿਲ ਮਰ ਰਹੇ ਹਨ। ਕੀ ਸਾਡੀ ਬਜ਼ੁਰਗਾਂ ਪ੍ਰਤੀ ਕੋਈ ਜ਼ਿੰਮੇਵਾਰੀ ਨਹੀਂ? ਪਰ ਇਸ ਭੱਜ-ਦੌੜ ਵਾਲੀ ਜ਼ਿੰਦਗੀ ਵਿਚ ਕੁਝ ਸੰਸਥਾਵਾਂ ਕੰਮ ਕਰ ਰਹੀਆਂ ਹਨ ਅਤੇ ਉਨ੍ਹਾਂ ਦੇ ਸਾਕਾਰਾਤਮਿਕ ਪਹਿਲੂ ਸਾਹਮਣੇ ਆਉਣ ਲੱਗੇ ਹਨ। ਕੋਲਕਾਤਾ ਵਿਚ ਕੰਮ ਕਰ ਰਹੀ ਇੰਦ੍ਰਾਣੀ ਚੱਕਰਵਰਤੀ ਵਾਂਗ ਦਿੱਲੀ ਦੇ ਕੁਝ ਸਕੂਲੀ ਬੱਚਿਆਂ ਨੇ ਬਜ਼ੁਰਗਾਂ ਨੂੰ ਗੋਦ ਲੈ ਕੇ ਉਨ੍ਹਾਂ ਨੂੰ ਦਾਦਾ-ਦਾਦੀ ਦੇ ਰਿਸ਼ਤੇ ਨਾਲ ਸੰਬੋਧਨ ਕੀਤਾ ਹੈ। ਸ਼ਾਇਦ ਬਜ਼ੁਰਗਾਂ ਪ੍ਰਤੀ ਲਾਪ੍ਰਵਾਹ ਹੁੰਦੇ ਜਾ ਰਹੇ ਬੇਟਿਆਂ, ਪੋਤਿਆਂ, ਨੂੰਹਾਂ ਨੂੰ ਸ਼ਰਮ ਆ ਜਾਵੇ। ਉਨ੍ਹਾਂ ਦੀ ਆਸ ਦੀ ਕਿਰਨ ਬਣੀਆਂ ਇਹ ਸੰਸਥਾਵਾਂ ਹੋਰ ਵਧੀਆ ਕੰਮ ਕਰਨ, ਇਹੀ ਸਾਨੂੰ ਸਾਰਿਆਂ ਨੂੰ ਦੁਆ ਕਰਨੀ ਚਾਹੀਦੀ ਹੈ। ਅੱਜ ਸਨੇਹ, ਪਿਆਰ, ਸ਼ਾਂਤੀ, ਭਾਈਚਾਰਾ ਅਤੇ ਅੰਤਰ-ਆਤਮਾ ਦੀ ਆਵਾਜ਼ 'ਤੇ ਸਰੀਰਕ ਸੁਖ ਭਾਰੀ ਪੈਂਦਾ ਜਾ ਰਿਹਾ ਹੈ। ਇਸ ਨੂੰ ਮੰਨਣ ਦੇ ਕਾਰਨ ਹੀ ਸਾਡੇ ਸੰਸਕਾਰ ਅਜਿਹੇ ਸੱਭਿਆਚਾਰ ਦਾ ਨਿਰਮਾਣ ਕਰਦੇ ਹਨ। ਹਰੇਕ ਵਿਅਕਤੀ ਦੂਜੇ ਵਿਅਕਤੀ ਨੂੰ ਦੋਸ਼ ਦਿੰਦਾ ਹੈ ਪਰ ਖੁਦ ਆਪਣੀਆਂ ਕਮੀਆਂ ਤੋਂ ਜਾਣਬੁੱਝ ਕੇ ਬੇਖਬਰ ਹੈ। ਅੱਜ ਲੋੜ ਇਹ ਹੈ ਕਿ ਦੂਜਿਆਂ 'ਤੇ ਉਂਗਲੀ ਉਠਾਉਣ ਦੀ ਬਜਾਏ ਖੁਦ ਦਾ ਆਤਮ-ਨਿਰੀਖਣ ਕੀਤਾ ਜਾਵੇ। ਧੰਨਵਾਦ ਸਾਹਿਤ ਅਜੀਤ ਜਲੰਧਰ 'ਚੋਂ 07.07.2011 ਇਨਸਾਨ ਦੀ ਹੋਂਦ ਪਰਿਵਾਰ ਨਾਲ ਕੌਮਾਂਤਰੀ ਪਰਿਵਾਰ ਦਿਹਾੜਾ ਹਰ ਸਾਲ 15 ਮਈ ਨੂੰ ਮਨਾਇਆ ਜਾਂਦਾ ਹੈ। ਇਹ ਦਿਨ ਪਰਿਵਾਰਾਂ ਦੀ ਮਹੱਤਤਾ ਨੂੰ ਉਜਾਗਰ ਕਰਦਾ ਹੈ। ਸੰਯੁਕਤ ਰਾਸ਼ਟਰ ਨੇ ਸਾਲ 1994 ਨੂੰ ਅੰਤਰਰਾਸ਼ਟਰੀ ਪਰਿਵਾਰ ਵਰ੍ਹਾ ਐਲਾਨਿਆ ਸੀ। ਇਹ ਬਦਲ ਰਹੇ ਸਮਾਜਿਕ ਤੇ ਆਰਥਿਕ ਢਾਂਚੇ ਨੂੰ ਇਕ ਜਵਾਬ ਸੀ, ਜਿਸ ਨੇ ਵਿਸ਼ਵ ਦੇ ਕਈ ਖੇਤਰਾਂ ਵਿਚ ਪਰਿਵਾਰ ਦੀਆਂ ਇਕਾਈਆਂ ਦੀ ਸਥਿਰਤਾ ਤੇ ਢਾਂਚੇ ਨੂੰ ਪ੍ਰਭਾਵਿਤ ਕੀਤਾ ਅਤੇ ਅਜੇ ਵੀ ਕਰ ਰਿਹਾ ਹੈ। ਇਸ ਦਾ ਉਦੇਸ਼ ਸਮਾਨਤਾ, ਘਰੇਲੂ ਜ਼ਿੰਮੇਵਾਰੀ ਤੇ ਰੁਜ਼ਗਾਰ ਦੇ ਮੌਕਿਆਂ ਨੂੰ ਵਧਾਉਣਾ ਹੈ। ਪਰਿਵਾਰ ਸੱਭਿਆਚਾਰਕ ਰੀਤੀ-ਰਿਵਾਜਾਂ ਨੂੰ ਇਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਤੱਕ ਲਿਜਾਣ ਵਿਚ ਅਹਿਮ ਰੋਲ ਅਦਾ ਕਰਦਾ ਹੈ। ਇਸ ਵਿਸ਼ੇਸ਼ ਦਿਨ ਦਾ ਉਦੇਸ਼ ਪਰਿਵਾਰ ਸਮਾਜ ਦੀ ਇਕ ਜ਼ਰੂਰੀ ਇਕਾਈ ਨਾਲ ਸੰਬੰਧਿਤ ਮਸਲਿਆਂ ਬਾਰੇ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ 'ਤੇ ਜਾਗਰੂਕਤਾ ਪੈਦਾ ਕਰਨਾ ਹੈ ਅਤੇ ਪਰਿਵਾਰਾਂ ਦੇ ਸਮਰਥਨ ਲਈ ਜਨਤਕ ਕੋਸ਼ਿਸ਼ਾਂ ਨੂੰ ਮਜ਼ਬੂਤੀ ਦੇਣਾ ਹੈ, ਜਿਨ੍ਹਾਂ ਦੀਆਂ ਆਰਥਿਕ, ਸਮਾਜਿਕ ਤੇ ਸੱਭਿਆਚਾਰਕ ਸੀਮਾਵਾਂ ਵਿਚ ਮੌਲਿਕ ਬਦਲਾਅ ਹੋ ਰਹੇ ਹਨ। ਇਹ ਸੰਕੇਤ ਕਰਦਾ ਹੈ ਕਿ ਪਰਿਵਾਰ ਸਮਾਜ ਦਾ ਕੇਂਦਰ ਹਨ ਅਤੇ ਸਾਰੇ ਵਰਗਾਂ ਦੇ ਲੋਕਾਂ ਨੂੰ ਸਥਿਰ ਤੇ ਸਹਾਇਕ ਘਰ ਪ੍ਰਦਾਨ ਕਰਦੇ ਹਨ। ਪਰਿਵਾਰਾਂ ਦਾ ਕੌਮਾਂਤਰੀ ਦਿਹਾੜਾ ਇਸ ਗੱਲ ਨੂੰ ਉਜਾਗਰ ਕਰਦਾ ਹੈ ਕਿ ਮਨੁੱਖਤਾ ਦੀ ਮੌਲਿਕ ਇਕਾਈ ਦੇ ਤੌਰ 'ਤੇ ਪਰਿਵਾਰਾਂ ਦੀ ਮਹੱਤਤਾ ਹੈ। ਔਰਤਾਂ ਸਮਾਜਿਕ ਬਦਲਾਅ ਲਈ ਨਿਰਣਾਇਕ ਹਨ। ਉਹ ਇਸ ਦੁਨੀਆ ਵਿਚ ਪ੍ਰਵੇਸ਼ ਕਰਨ ਵਾਲੇ ਮਨੁੱਖ ਨੂੰ ਜ਼ਿੰਦਗੀ ਦਾ ਪਹਿਲਾ ਸਬਕ ਸਿਖਾਉਣ ਵਿਚ ਅਹਿਮ ਭੂਮਿਕਾ ਅਦਾ ਕਰਦੀਆਂ ਹਨ ਅਤੇ ਉਸ ਨੂੰ ਕਦਰਾਂ-ਕੀਮਤਾਂ ਸਵੀਕਾਰ ਕਰਨਾ ਸਿਖਾਉਂਦੀਆਂ ਹਨ, ਜੋ ਬਾਅਦ ਵਿਚ ਆਪਣੀ ਸ਼ਖ਼ਸੀਅਤ, ਸੁਭਾਅ ਤੇ ਵਿਵਹਾਰ ਨੂੰ ਸਹੀ ਰੂਪ ਦੇਣ ਵਿਚ ਸਹਾਈ ਹੁੰਦਾ ਹੈ। ਔਰਤਾਂ ਪਰਿਵਾਰ ਲਈ ਆਦਰਸ਼ ਸਥਾਪਿਤ ਕਰਦੀਆਂ ਹਨ। ਜੇ ਔਰਤ ਦੀਆਂ ਸਿਹਤ ਜ਼ਰੂਰਤਾਂ ਚੰਗੇ ਪ੍ਰਬੰਧ ਜ਼ਰੀਏ ਮਿਲਦੀਆਂ ਹਨ ਤਾਂ ਉਹ ਆਪਣੇ-ਆਪ ਵਿਚ ਪਰਿਵਾਰ ਯੋਜਨਾ ਪ੍ਰੋਗਰਾਮ ਦੀਆਂ ਵਧੀਆ ਸਮਰਥਕ ਬਣ ਜਾਣਗੀਆਂ। ਪਰਿਵਾਰ ਭਲਾਈ ਪ੍ਰੋਗਰਾਮ ਸਾਰੇ ਭਾਰਤ ਵਿਚ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੁਆਰਾ ਵੱਡੀਆਂ ਦਾਨੀ ਏਜੰਸੀਆਂ ਦੀ 'ਟਾਰਗਟ ਫ੍ਰੀ' ਪਹੁੰਚ ਦੇ ਆਧਾਰ 'ਤੇ ਲਾਗੂ ਕੀਤਾ ਜਾ ਰਿਹਾ ਹੈ। ਵੰਸ਼ ਜਾਂ ਸੰਤਾਨ ਦੀ ਉਤਪਤੀ ਤੇ ਬਾਲ ਸਿਹਤ ਪ੍ਰੋਗਰਾਮ 15 ਅਕਤੂਬਰ, 1997 ਨੂੰ ਸ਼ੁਰੂ ਹੋਇਆ ਸੀ। ਇਸ ਪ੍ਰੋਗਰਾਮ ਤਹਿਤ ਪਰਿਵਾਰ ਯੋਜਨਾਬੰਦੀ, ਮਾਵਾਂ ਤੇ ਬਾਲ ਸਿਹਤ ਲਈ ਵਿਆਪਕ ਸਰਵਿਸ ਪੈਕੇਜ ਲਾਗੂ ਕੀਤਾ ਗਿਆ ਹੈ। ਬੱਚਾ-ਬਚਾਊ ਅਤੇ ਸੁਰੱਖਿਅਤ ਮਾਂ-ਪੁਣਾ ਪ੍ਰੋਗਰਾਮ ਰੋਗਾਂ ਤੋਂ ਛੁਟਕਾਰਾ ਦਿਵਾਉਣ ਦੇ ਖੇਤਰ ਵਿਚ ਕਈ ਚੰਗੇ ਸੁਧਾਰ ਲੈ ਕੇ ਆਇਆ ਹੈ। ਆਬਾਦੀ ਨੀਤੀ, ਜਿਸ ਦਾ ਮੁਢਲਾ ਫਰਜ਼ ਲੋਕਾਂ ਦੀ ਭਲਾਈ ਤੇ ਔਰਤਾਂ ਦੀ ਸਿਹਤ ਅਤੇ ਅਧਿਕਾਰ ਹੈ, ਉਹ ਸਮੇਂ ਦੀ ਲੋੜ ਹੈ। ਕੌਮੀ ਆਬਾਦੀ ਕਮਿਸ਼ਨ ਦੇ ਸੰਵਿਧਾਨ ਅਨੁਸਾਰ ਹੁਣ ਬਹੁਪੱਖੀ ਆਬਾਦੀ ਨੀਤੀ ਨੂੰ ਸੁਧਾਰਨ ਲਈ ਪੱਧਰ ਸਥਾਪਿਤ ਹੋ ਗਿਆ ਹੈ। ਇਹ ਸਪੱਸ਼ਟ ਹੈ ਕਿ ਆਬਾਦੀ ਦੇ ਵਾਧੇ ਨੂੰ ਹੌਲਾ ਕਰਨ ਦੇ ਨਿਸ਼ਾਨੇ ਨੂੰ ਪਾਉਣ ਲਈ ਪਰਿਵਾਰ ਭਲਾਈ ਪ੍ਰੋਗਰਾਮ ਵਿਚ ਪੇਸ਼ ਕੀਤੇ ਗਏ ਤਕਨੀਕੀ ਨਿਵੇਸ਼ ਨਾਲੋਂ ਸਮਾਜਿਕ ਬਦਲਾਅ ਦੇ ਪੱਧਰ ਦੀ ਲੋੜ ਹੈ। ਪੱਛਮ ਤੋਂ ਆਏ ਸੱਭਿਆਚਾਰਕ ਦਖਲ ਕਾਰਨ ਪ੍ਰੰਪਰਾਗਤ ਭਾਰਤੀ ਪਰਿਵਾਰਕ ਜ਼ਿੰਦਗੀ ਅਤੇ ਕਦਰਾਂ-ਕੀਮਤਾਂ ਨੂੰ ਅਨੁਮਾਨਿਤ ਖਤਰਾ ਹੈ। ਸੰਯੁਕਤ ਪਰਿਵਾਰਾਂ ਦੀ ਵੰਡ, ਕਦਰਾਂ-ਕੀਮਤਾਂ ਦੇ ਢਾਂਚੇ ਵਿਚ ਗਿਰਾਵਟ ਅਤੇ ਟੈਲੀਵਿਜ਼ਨ ਦੇ ਸ਼ਕਤੀਸ਼ਾਲੀ ਉਭਾਰ ਨੇ ਦੇਸ਼ ਦੇ ਸੀਨੀਅਰ ਨਾਗਰਿਕਾਂ ਸਾਹਮਣੇ ਇਕ ਗੰਭੀਰ ਡਰ ਪੇਸ਼ ਕਰ ਦਿੱਤਾ ਹੈ। ਉਦਯੋਗੀਕਰਨ ਅਤੇ ਪੱਛਮੀਕਰਨ ਨੇ ਪ੍ਰੰਪਰਾਗਤ ਭਾਰਤੀ ਢਾਂਚੇ ਨੂੰ ਬਦਲ ਦਿੱਤਾ ਹੈ। ਇਸ ਦੇ ਨਾਲ ਹੀ ਜਾਤ ਪ੍ਰਣਾਲੀ ਸਮਾਜਿਕ ਤੇ ਰਾਜਨੀਤਕ ਸੁਧਾਰਾਂ ਕਾਰਨ ਕਮਜ਼ੋਰ ਹੋਈ ਹੈ। ਤੇਜ਼ੀ ਨਾਲ ਬਦਲ ਰਹੇ ਆਧੁਨਿਕ ਪੱਧਰ ਅਤੇ ਜਿਊਣ ਢੰਗ ਨਾਲ ਕਦਮ ਮਿਲਾਉਣ ਲਈ ਭਾਰਤੀ ਪਰਿਵਾਰ ਅਜੇ ਅਨੁਕੂਲ ਹੋ ਰਹੇ ਹਨ। ਧੰਨਵਾਦ ਸਾਹਿਤ ਅਜੀਤ ਜਲੰਧਰ 'ਚੋਂ 12.05.2011 1) ਨੂੰਹ ਨੂੰ ਜਿੰਨਾ ਦੇਵੋਗੇ ਉਸ ਤੋਂ ਜ਼ਿਆਦਾ ਪਾਓਗੇ 2) ਮਾਂ ਦਾ ਸਹੁਰੇ ਘਰ ਵਿਚ ਦਖ਼ਲ ਕਿਸ ਹੱਦ ਤੱਕ? ਨੂੰਹ ਨੂੰ ਜਿੰਨਾ ਦੇਵੋਗੇ ਉਸ ਤੋਂ ਜ਼ਿਆਦਾ ਪਾਓਗੇ - ਸੁਨੀਤਾ ਗਾਬਾ ਨੂੰਹ ਤੋਂ ਆਦਰ-ਸਤਿਕਾਰ ਦੀ ਆਸ ਰੱਖਦੇ ਹੋ ਤਾਂ ਤੁਹਾਨੂੰ ਵੀ ਨੂੰਹ ਦੇ ਰਿਸ਼ਤੇਦਾਰਾਂ ਪ੍ਰਤੀ ਕੁਝ ਫਰਜ਼ ਪੂਰੇ ਕਰਨੇ ਚਾਹੀਦੇ ਹਨ। • ਸੱਸ-ਸਹੁਰੇ ਨੂੰ ਅਜਿਹੇ ਮੌਕਿਆਂ 'ਤੇ ਨੂੰਹ ਨੂੰ ਪੂਰਾ ਸਹਿਯੋਗ ਦੇਣਾ ਚਾਹੀਦਾ ਹੈ ਨਾ ਕਿ ਉਸ ਨੂੰ ਇਹ ਕਹਿਣਾ ਚਾਹੀਦਾ ਹੈ ਕਿ ਉਥੇ ਤੇਰੀ ਦੂਰ ਦੀ ਰਿਸ਼ਤੇਦਾਰੀ ਹੈ, ਤੂੰ ਉਥੇ ਨਾ ਜਾ। ਇਹ ਵੀ ਹੋ ਸਕਦਾ ਹੈ ਕਿ ਵਿਆਹ ਤੋਂ ਪਹਿਲਾਂ ਉਸ ਦੇ ਉਸ ਪਰਿਵਾਰ ਨਾਲ ਸੰਬੰਧ ਬਹੁਤ ਸੁਖਾਵੇਂ ਰਹੇ ਹੋਣ। • ਨੂੰਹ ਨੂੰ ਇੰਨੀ ਆਜ਼ਾਦੀ ਦੇਣੀ ਚਾਹੀਦੀ ਹੈ ਕਿ ਉਹ ਆਪਣੇ ਰਿਸ਼ਤੇਦਾਰਾਂ ਦੇ ਬਿਨਾਂ ਕਿਸੇ ਰੋਕ-ਟੋਕ ਦੇ ਆ-ਜਾ ਸਕੇ। • ਨੂੰਹ ਨੂੰ ਆਪਣੇ ਸੰਬੰਧਾਂ ਅਨੁਸਾਰ ਆਪਣੇ ਰਿਸ਼ਤੇਦਾਰਾਂ ਨਾਲ ਲੈਣ-ਦੇਣ ਦੀ ਵੀ ਖੁੱਲ੍ਹ ਹੋਣੀ ਚਾਹੀਦੀ ਹੈ। ਬਿਨਾਂ ਸਲਾਹ ਮੰਗੇ ਉਸ 'ਤੇ ਆਪਣੇ ਵੱਲੋਂ ਕੁਝ ਨਾ ਥੋਪੋ, ਇਸ ਨਾਲ ਸੰਬੰਧ ਵਿਗੜ ਸਕਦੇ ਹਨ। • ਸੱਸ-ਸਹੁਰੇ ਨੂੰ ਇਹ ਸਹਿਯੋਗ ਵੀ ਕਰਨਾ ਚਾਹੀਦਾ ਹੈ ਕਿ ਜਿਥੇ ਬੱਚੇ ਲਿਜਾਣਾ ਜ਼ਰੂਰੀ ਨਾ ਹੋਵੇ, ਉਥੇ ਉਹ ਬੱਚੇ ਨਾ ਲੈ ਕੇ ਜਾਵੇ। ਉਨ੍ਹਾਂ ਨੂੰ ਖੁਸ਼ੀ ਨਾਲ ਬੱਚੇ ਆਪਣੇ ਕੋਲ ਰੱਖਣੇ ਚਾਹੀਦੇ ਹਨ। ਇਸ ਨਾਲ ਇਕ ਹੋਰ ਫਾਇਦਾ ਇਹ ਹੁੰਦਾ ਹੈ ਕਿ ਜਦੋਂ ਨੂੰਹ ਅਤੇ ਬੇਟੇ ਨੇ ਕਿਤੇ ਦੂਰ ਜਾਣਾ ਹੋਵੇ ਤਾਂ ਬੱਚੇ ਉਨ੍ਹਾਂ ਕੋਲ ਰਹਿ ਸਕਦੇ ਹਨ। • ਜਿਥੇ ਨੂੰਹ ਦੀ ਇੱਜ਼ਤ ਦਾ ਸਵਾਲ ਹੋਵੇ ਅਤੇ ਸੱਸ-ਸਹੁਰਾ ਤੰਦਰੁਸਤ ਹੋਣ ਤਾਂ ਉਨ੍ਹਾਂ ਨੂੰ ਵੀ ਨੂੰਹ ਦੇ ਰਿਸ਼ਤੇਦਾਰਾਂ ਦੇ ਸਮਾਗਮਾਂ ਵਿਚ ਜਾਣਾ ਚਾਹੀਦਾ ਹੈ। ਇਸ ਨਾਲ ਸੰਬੰਧ ਹੋਰ ਵਧੀਆ ਬਣਨਗੇ। ਇਸ ਪ੍ਰਕਾਰ ਜੇਕਰ ਸਹੁਰੇ ਘਰ ਵਾਲੇ ਨੂੰਹ ਦੇ ਭੈਣ-ਭਰਾਵਾਂ ਨੂੰ ਉਸੇ ਨਜ਼ਰ ਨਾਲ ਦੇਖਣ, ਜਿਸ ਨਜ਼ਰ ਨਾਲ ਉਹ ਆਪਣੇ ਰਿਸ਼ਤੇਦਾਰਾਂ ਨੂੰ ਦੇਖਦੇ ਹਨ ਤਾਂ ਨੂੰਹ ਆਪਣੇ ਪਰਿਵਾਰ ਵਾਲਿਆਂ ਦਾ ਜ਼ਰੂਰ ਖਿਆਲ ਰੱਖੇਗੀ। ਸੁਖੀ ਪਰਿਵਾਰ ਲਈ ਸੱਸ-ਸਹੁਰੇ ਦਾ ਸਹਿਯੋਗ ਓਨਾ ਹੀ ਜ਼ਰੂਰੀ ਹੈ ਜਿੰਨਾ ਉਹ ਨੂੰਹ ਤੋਂ ਉਮੀਦ ਰੱਖਦੇ ਹਨ। ਨੂੰਹ ਨੂੰ ਬਹੁਤ ਭਾਸ਼ਣ ਦੇ ਕੇ ਜਾਂ ਰੋਕ-ਟੋਕ ਕੇ ਸਮਝਾਉਣ ਤੋਂ ਚੰਗਾ ਹੈ ਕਿ ਉਸ ਦੀਆਂ ਭਾਵਨਾਵਾਂ ਦੀ ਵੀ ਕਦਰ ਕੀਤੀ ਜਾਵੇ। ਧੰਨਵਾਦ ਸਾਹਿਤ ਅਜੀਤ ਜਲੰਧਰ 'ਚੋਂ 03.02.2011 ਮਾਂ ਦਾ ਸਹੁਰੇ ਘਰ ਵਿਚ ਦਖ਼ਲ ਕਿਸ ਹੱਦ ਤੱਕ? - ਪਲਵਿੰਦਰ ਢੁੱਡੀਕੇ ਹਰ ਇਕ ਲੜਕੀ ਨੇ ਇਕ ਨਾ ਇਕ ਦਿਨ ਸਹੁਰੇ ਘਰ ਜਾਣਾ ਹੈ। ਸਹੁਰੇ ਘਰ ਵਿਚ ਲੜਕੀ ਲਈ ਸਭ ਅਜਨਬੀ ਹੁੰਦੇ ਹਨ। ਇਸੇ ਕਾਰਨ ਸਹੁਰੇ ਘਰ ਵਿਚ ਲੜਕੀ ਦੀ ਭੂਮਿਕਾ ਬੜੀ ਅਹਿਮ ਹੁੰਦੀ ਹੈ। ਉਸ ਤੋਂ ਵੀ ਮਹੱਤਵਪੂਰਨ ਹੈ ਲੜਕੀ ਦੇ ਮਾਪਿਆਂ, ਵਿਸ਼ੇਸ਼ ਤੌਰ 'ਤੇ ਲੜਕੀ ਦੀ ਮਾਂ ਦੀ ਭੂਮਿਕਾ। ਭਾਵ ਲੜਕੀ ਦੇ ਵਿਆਹ ਤੋਂ ਬਾਅਦ ਲੜਕੀ ਦੀ ਮਾਂ ਦੀ ਭੂਮਿਕਾ ਵੀ ਬੜੀ ਅਹਿਮ ਹੁੰਦੀ ਹੈ। ਲੜਕੀ ਦੀ ਮਾਂ ਵੱਲੋਂ ਦਿੱਤੀ ਗਈ ਸਿੱਖਿਆ ਸਹੁਰੇ ਘਰ ਵਿਚ ਲੜਕੀ ਦੇ ਜੀਵਨ ਨੂੰ ਸਵਰਗ ਵੀ ਬਣਾ ਸਕਦੀ ਹੈ ਤੇ ਨਰਕ ਵੀ। ਕੁਝ ਮਾਪੇ ਆਪਣੀ ਲੜਕੀ ਨੂੰ ਆਪਣੇ ਘਰ ਵਿਚ ਲੋੜ ਤੋਂ ਵੱਧ ਮਾਸੂਮ ਤੇ ਲਾਡਲੀ ਬਣਾ ਕੇ ਰੱਖਦੇ ਹਨ ਅਤੇ ਸਹੁਰੇ ਘਰ ਵਿਚ ਵੀ ਆਪਣੀ ਲੜਕੀ ਪ੍ਰਤੀ ਅਜਿਹਾ ਹੀ ਚਾਹੁੰਦੇ ਹਨ ਪਰ ਅਜਿਹਾ ਅਸੰਭਵ ਹੈ। ਇਸ ਦਾ ਭਾਵ ਇਹ ਨਹੀਂ ਕਿ ਲੜਕੀ ਦੇ ਸੱਸ-ਸਹੁਰਾ ਉਸ ਨੂੰ ਪਿਆਰ ਨਹੀਂ ਕਰਦੇ ਪਰ ਲੜਕੀ ਦੇ ਪੇਕਿਆਂ ਵੱਲੋਂ ਪੇਕੇ ਘਰ ਜਿਹਾ ਮਾਹੌਲ ਚਾਹੁਣਾ ਮੁਮਕਿਨ ਨਹੀਂ ਹੋ ਸਕਦਾ। ਬੇਸ਼ੱਕ ਇਹ ਗੱਲ ਸਾਰੀਆਂ ਮਾਵਾਂ ਉੱਪਰ ਨਹੀਂ ਢੁਕਦੀ ਪਰ ਜ਼ਿਆਦਾਤਰ ਦੇਖਿਆ ਗਿਆ ਹੈ ਕਿ ਕਈ ਮਾਵਾਂ ਆਪਣੀ ਲੜਕੀ ਦੇ ਸਹੁਰੇ ਘਰ ਵਿਚ ਬਹੁਤ ਜ਼ਿਆਦਾ ਬੇਲੋੜਾ ਦਖਲ ਦਿੰਦੀਆਂ ਹਨ। ਸਮੱਸਿਆਵਾਂ ਹਰ ਘਰ ਵਿਚ ਹੁੰਦੀਆਂ ਹਨ ਤੇ ਉਹ ਘਰ ਵਿਚ ਹੀ ਸੁਲਝਾਈਆਂ ਜਾ ਸਕਦੀਆਂ ਹਨ ਪਰ ਲੜਕੀ ਦੀ ਮਾਂ ਵੱਲੋਂ ਬੇਲੋੜੇ ਦਖਲ ਕਾਰਨ ਸਮੱਸਿਆਵਾਂ ਸੁਲਝਣ ਦੀ ਬਜਾਏ ਇਸ ਕਦਰ ਉਲਝ ਜਾਂਦੀਆਂ ਹਨ ਕਿ ਕਈ ਵਾਰ ਨਤੀਜੇ ਬੜੇ ਹੀ ਦੁਖਦਾਈ ਹੁੰਦੇ ਹਨ। ਨਿੱਕੀਆਂ-ਨਿੱਕੀਆਂ ਗੱਲਾਂ ਲੜਕੀ ਦੇ ਜੀਵਨ ਵਿਚ ਹੀ ਜ਼ਹਿਰ ਘੋਲ ਦਿੰਦੀਆਂ ਹਨ। ਤਜਰਬੇ ਦੀ ਘਾਟ ਕਾਰਨ ਜੇਕਰ ਲੜਕੀ ਆਪਣੇ ਸਹੁਰੇ ਪਰਿਵਾਰ ਦੀ ਕੋਈ ਗੱਲ ਆਪਣੀ ਮਾਂ ਨਾਲ ਕਰਦੀ ਵੀ ਹੈ ਤਾਂ ਲੜਕੀ ਦੀ ਮਾਂ ਨੂੰ ਉਸ ਨੂੰ ਸਹੀ ਸਿੱਖਿਆ ਦੇਣੀ ਚਾਹੀਦੀ ਹੈ ਤੇ ਆਪਣੇ ਸਹੁਰੇ ਘਰ ਦੇ ਮਾਹੌਲ ਨੂੰ ਕਿਵੇਂ ਠੀਕ ਰੱਖਣਾ ਹੈ, ਇਹ ਤੇਰੀ ਜ਼ਿੰਮੇਵਾਰੀ ਹੈ ਪਰ ਅਕਸਰ ਦੇਖਿਆ ਗਿਆ ਹੈ ਕਿ ਜ਼ਿਆਦਾਤਰ ਮਾਵਾਂ ਆਪਣੀ ਲੜਕੀ ਨੂੰ ਪੁੱਠੇ ਰਾਹ ਤੋਰਦਿਆਂ ਅਕਸਰ ਕਹਿੰਦੀਆਂ ਹਨ ਕਿ ਤੂੰ ਪ੍ਰਵਾਹ ਨਾ ਕਰੀਂ, ਅਸੀਂ ਬੈਠੇ ਹਾਂ। ਇਸ ਹਾਲਾਤ ਵਿਚ ਲੜਕੀ ਦੇ ਸਹੁਰੇ ਘਰ ਵਿਚ ਕਿਹੋ ਜਿਹਾ ਮਾਹੌਲ ਬਣੇਗਾ, ਇਹ ਅੰਦਾਜ਼ਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ। ਕਈ ਵਾਰ ਲੜਕੀ ਦੇ ਪੇਕੇ ਲੜਕੀ ਦੇ ਪਤੀ ਦੀ ਆਰਥਿਕ ਤੌਰ 'ਤੇ ਮਦਦ ਵੀ ਕਰਦੇ ਹਨ। ਇਹ ਮਦਦ ਵੀ ਇਸ ਤਰੀਕੇ ਨਾਲ ਹੋਣੀ ਚਾਹੀਦੀ ਹੈ ਕਿ ਉਸ ਦੇ ਪਤੀ ਨੂੰ ਕੋਈ ਹੀਣ-ਭਾਵਨਾ ਮਹਿਸੂਸ ਨਾ ਹੋਵੇ। ਇਕ ਹੋਰ ਅਹਿਮ ਗੱਲ ਇਹ ਹੈ ਕਿ ਲੜਕੀ ਨੂੰ ਚਾਹੀਦਾ ਹੈ ਕਿ ਜੇਕਰ ਉਹ ਆਪਣੀ ਸੱਸ ਦੀ ਕਿਸੇ ਵੀ ਗ਼ਲਤ ਗੱਲ ਦਾ ਵਿਰੋਧ ਕਰਦੀ ਹੈ ਤਾਂ ਉਸ ਨੂੰ ਆਪਣੀ ਮਾਂ ਵੱਲੋਂ ਦਿੱਤੀ ਜਾ ਰਹੀ ਕਿਸੇ ਵੀ ਗ਼ਲਤ ਰਾਇ ਦਾ ਵੀ ਡਟ ਕੇ ਵਿਰੋਧ ਕਰਨਾ ਚਾਹੀਦਾ ਹੈ। ਐਸਾ ਕਰਨ ਨਾਲ ਲੜਕੀ ਦੀ ਆਪਣੇ ਸਹੁਰੇ ਘਰ ਵਿਚ ਇੱਜ਼ਤ ਤਾਂ ਵਧੇਗੀ ਹੀ ਪਰ ਨਾਲ ਹੀ ਇਕ ਵੱਖਰੀ ਪਹਿਚਾਣ ਵੀ ਬਣੇਗੀ ਕਿ ਉਨ੍ਹਾਂ ਦੀ ਨੂੰਹ ਗ਼ਲਤ ਨੂੰ ਗ਼ਲਤ ਤੇ ਠੀਕ ਨੂੰ ਠੀਕ ਕਹਿੰਦੀ ਹੈ ਪਰ ਦੇਖਿਆ ਗਿਆ ਹੈ ਕਿ ਜ਼ਿਆਦਾਤਰ ਲੜਕੀਆਂ ਨੂੰ ਆਪਣੀ ਮਾਂ ਦੀ ਹਰ ਗੱਲ ਠੀਕ ਤੇ ਸੱਸ ਦੀ ਹਰ ਗੱਲ ਗ਼ਲਤ ਲਗਦੀ ਹੈ। ਅੱਜ ਲੜਕੀਆਂ ਦੀਆਂ ਮਾਵਾਂ ਵੱਲੋਂ ਲੜਕੀ ਦੇ ਸਹੁਰੇ ਘਰ ਵਿਚ ਬੇਲੋੜੇ ਦਖਲ ਕਾਰਨ ਹਜ਼ਾਰਾਂ ਤਲਾਕ ਹੋ ਰਹੇ ਹਨ, ਜਿਸ ਨਾਲ ਪਤੀ ਤੇ ਪਤਨੀ ਦੋਵਾਂ ਦੀਆਂ ਜ਼ਿੰਦਗੀਆਂ ਨਰਕ ਬਣ ਰਹੀਆਂ ਹਨ। ਸੋ ਲੜਕੀਆਂ ਦੀਆਂ ਮਾਵਾਂ ਨੂੰ ਚਾਹੀਦਾ ਹੈ ਕਿ ਉਹ ਲੜਕੀ ਦੇ ਸਹੁਰੇ ਪਰਿਵਾਰ ਵਿਚ ਬੇਲੋੜਾ ਦਖਲ ਬੰਦ ਕਰਨ ਤੇ ਲੜਕੀਆਂ ਦੀਆਂ ਸੱਸਾਂ ਨੂੰ ਵੀ ਚਾਹੀਦਾ ਹੈ ਕਿ ਉਹ ਨਿੱਕੀ-ਨਿੱਕੀ ਗੱਲ ਨੂੰ ਲੈ ਕੇ ਘਰ ਦੇ ਮਾਹੌਲ ਨੂੰ ਵਿਗੜਨ ਤੋਂ ਬਚਾਉਣ, ਤਾਂ ਹੀ ਕਈ ਸਮੱਸਿਆਵਾਂ ਦਾ ਅੰਤ ਹੋਵੇਗਾ ਤੇ ਇਕ ਸਹੀ ਸਮਾਜ ਦੀ ਸਿਰਜਣਾ ਹੋ ਸਕੇਗੀ। ਧੰਨਵਾਦ ਸਾਹਿਤ ਅਜੀਤ ਜਲੰਧਰ 'ਚੋਂ 17.09.2011 ਘਰੇਲੂ ਹਿੰਸਾ ਕਦ ਤੱਕ? - ਗੁਰਬਚਨ ਕੌਰ ਦੂਆ ਘਰੇਲੂ ਹਿੰਸਾ ਤੋਂ ਭਾਵ ਹੈ ਪਰਿਵਾਰ ਦੇ ਕਿਸੇ ਇਕ ਜੀਅ ਵੱਲੋਂ ਕਿਸੇ ਦੂਜੇ ਜੀਅ 'ਤੇ ਕੀਤਾ ਜ਼ੁਲਮ, ਦਿੱਤਾ ਗਿਆ ਦੁੱਖ ਜਾਂ ਕਸ਼ਟ। ਅਜਿਹਾ ਆਦਮੀਆਂ ਵੱਲੋਂ ਔਰਤਾਂ 'ਤੇ ਵੀ ਹੁੰਦਾ ਹੈ। ਔਰਤਾਂ ਵੱਲੋਂ ਆਦਮੀਆਂ 'ਤੇ ਵੀ ਤੇ ਔਰਤਾਂ ਵੱਲੋਂ ਔਰਤਾਂ 'ਤੇ ਵੀ। ਘਰੇਲੂ ਹਿੰਸਾ ਅੱਜ ਸ਼ੁਰੂ ਨਹੀਂ ਹੋਈ, ਪਹਿਲਾਂ ਤੋਂ ਚਲਦੀ ਆ ਰਹੀ ਹੈ। ਪੁਰਖ ਪ੍ਰਧਾਨ ਸਮਾਜ ਵਿਚ ਔਰਤ ਦੀ ਹਾਲਤ ਬਹੁਤ ਚੰਗੀ ਨਹੀਂ ਸੀ। ਉਸ ਦਾ ਕਾਰਜ ਖੇਤਰ ਸਿਰਫ ਚੌਂਕਾ-ਚੁੱਲ੍ਹਾ ਸੀ। ਇਕ ਬੇਜਾਨ ਮੂਰਤੀ ਵਾਂਗ ਘਰ ਦੀ ਚਾਰਦੀਵਾਰੀ ਵਿਚ ਬੰਦ ਸੀ। ਆਜ਼ਾਦੀ ਮਿਲੀ, ਔਰਤ ਨੂੰ ਕੁਝ ਹੱਕ ਮਿਲੇ ਪਰ ਬਹੁਤੇ ਹੱਕ ਕਾਗਜ਼ਾਂ ਵਿਚ ਹੀ ਸਨ। ਜਦੋਂ ਵੱਡੀ ਉਮਰ ਦੀ ਔਰਤ ਦੇ ਹੱਥ ਕੁਝ ਸ਼ਕਤੀ ਆਈ ਤਾਂ ਉਸ ਨੇ ਛੋਟੀ ਪੀੜ੍ਹੀ ਦੀ ਔਰਤ 'ਤੇ ਸ਼ਿਕੰਜਾ ਕੱਸਿਆ। ਖਾਣ-ਪੀਣ, ਪਹਿਨਣ, ਪੜ੍ਹਨ-ਲਿਖਣ, ਕਿਸੇ ਮਨਪਸੰਦ ਇਨਸਾਨ ਨਾਲ ਗੱਲ ਕਰਨ ਦੀ ਆਗਿਆ ਨਹੀਂ ਸੀ। ਵਿਆਹ ਮਗਰੋਂ ਸੱਸਾਂ ਵੱਲੋਂ ਹੋਰ ਵੀ ਸਖਤੀ, ਲੜਕੀ ਨੂੰ ਜਨਮ ਦੇਣ ਵਾਲੀ ਔਰਤ ਦਾ ਸਤਿਕਾਰ ਨਹੀਂ ਸੀ। ਅਜੇ ਵੀ ਠੱਲ੍ਹ ਨਹੀਂ ਪਈ। ਬਹੁਤ ਕੁਝ ਅਜਿਹਾ ਹੋਈ ਜਾ ਰਿਹੈ, ਜੋ ਨਹੀਂ ਹੋਣਾ ਚਾਹੀਦਾ। ਕਾਨੂੰਨ ਬਣੇ, ਲਾਗੂ ਹੋਏ, ਕੁਝ ਜਾਗ੍ਰਿਤੀ ਆਈ ਪਰ ਆਮ ਔਰਤ ਨਾਲ ਅਣਸੁਖਾਵਾਂ ਵਿਉਹਾਰ ਹੁੰਦਾ ਰਿਹਾ। ਹਾਂ, ਕੁਝ ਪੜ੍ਹੀਆਂ-ਲਿਖੀਆਂ ਤੇ ਸੁਚੇਤ ਔਰਤਾਂ ਨੂੰ ਥੋੜ੍ਹੀ ਰਾਹਤ ਮਿਲੀ। 2005 ਵਿਚ ਔਰਤਾਂ ਦੀ ਰੱਖਿਆ ਲਈ 'ਘਰੇਲੂ ਹਿੰਸਾ ਐਕਟ' ਪਾਸ ਹੋਇਆ, ਲਾਗੂ ਹੋਇਆ। ਕੁੜੀਆਂ ਦੀ ਗੱਲ ਧਿਆਨ ਨਾਲ ਸੁਣੀ ਗਈ ਪਰ ਕੁੜੀਆਂ ਨੇ ਇਸ ਗੱਲ ਦਾ ਨਾਜਾਇਜ਼ ਲਾਭ ਲਿਆ। ਕਸੂਰਵਾਰ ਲੋਕਾਂ ਨੂੰ ਤਾਂ ਸਖਤ ਸਜ਼ਾ ਮਿਲਣੀ ਜ਼ਰੂਰੀ ਹੈ ਪਰ ਕਿਤੇ-ਕਿਤੇ ਬਜ਼ੁਰਗ ਸੱਸਾਂ-ਸਹੁਰੇ ਬੇਕਸੂਰ ਹੁੰਦੇ ਹੋਏ ਥਾਣਿਆਂ-ਕਚਹਿਰੀਆਂ ਦੇ ਚੱਕਰ ਕੱਟਦੇ ਦਿਸੇ। 'ਘਰੇਲੂ ਹਿੰਸਾ ਐਕਟ-2005' ਨੂੰ ਹੋਰ ਵੀ ਸਪੱਸ਼ਟ ਕੀਤਾ ਗਿਆ ਕਿ ਹਿੰਸਾ 'ਤੇ ਰੋਕ ਕੇਵਲ ਮਰਦ ਸਮਾਜ 'ਤੇ ਹੀ ਨਹੀਂ, ਸਗੋਂ ਇਹ ਘਰੇਲੂ ਹਿੰਸਾ ਕਾਨੂੰਨ ਔਰਤਾਂ 'ਤੇ ਵੀ ਲਾਗੂ ਹੋਵੇਗਾ। ਔਰਤ 'ਤੇ ਜ਼ੁਲਮ ਕਰਨ ਵਾਲੀ ਔਰਤ ਵੀ ਮਰਦ ਵਾਂਗ ਸਜ਼ਾ ਤੇ ਜੁਰਮਾਨੇ ਦੀ ਹੱਕਦਾਰ ਹੋਵੇਗੀ। ਸੋ ਔਰਤ ਤੇ ਮਰਦ ਦੋਵਾਂ ਨੂੰ ਆਪਣਾ ਪੱਖ ਪੇਸ਼ ਕਰਨ ਦਾ ਹੱਕ ਮਿਲਿਆ ਹੈ। ਕਾਨੂੰਨ ਚੰਗਾ ਹੈ। ਇਸ ਨੇ ਸਾਨੂੰ ਰਾਹ ਦਿਖਾਉਣਾ ਹੈ। ਮੰਜ਼ਿਲ 'ਤੇ ਪਹੁੰਚਣ ਲਈ ਯਤਨ ਆਪ ਕਰਨੇ ਹਨ। ਬਹੁਤ ਹੀ ਮੁਸ਼ਕਿਲ ਪੈ ਜਾਵੇ ਤਾਂ ਕੋਰਟ-ਕਚਹਿਰੀਆਂ ਵਿਚ ਜਾਇਆ ਜਾਵੇ, ਨਹੀਂ ਤਾਂ ਕੁਝ ਗੱਲਾਂ ਵੱਲ ਧਿਆਨ ਦਿੰਦੇ ਰਹੀਏ ਤਾਂ ਘਰੇਲੂ ਹਿੰਸਾ ਕਾਫੀ ਹੱਦ ਤੱਕ ਘਟ ਜਾਵੇਗੀ। ਔਰਤ ਨੂੰ ਧੀ ਜੰਮਣ ਦਾ ਹੱਕ ਮਿਲੇ। ਪੁਰਖ ਜਾਂ ਔਰਤਾਂ ਉਸ 'ਤੇ ਕੰਨਿਆ ਭਰੂਣ-ਹੱਤਿਆ ਲਈ ਦਬਾਅ ਨਾ ਪਾਉਣ। ਨਿੱਕੀਆਂ-ਨਿੱਕੀਆਂ ਗੱਲਾਂ ਬੱਚੀਆਂ ਦੀ ਮਾਰਕੁਟਾਈ ਕਰਨਾ ਅਣਮਨੁੱਖੀ ਵਰਤਾਰਾ ਹੈ। ਬੱਚੀ ਨੂੰ ਪਾਲਣ ਸਮੇਂ ਪੁੱਤਰ ਵਾਂਗ ਪਾਲਿਆ ਤੇ ਪੜ੍ਹਾਇਆ ਜਾਵੇ। ਵਰ ਦੀ ਚੋਣ ਸਮੇਂ ਉਸ ਦੀ ਸਲਾਹ ਲਈ ਜਾਵੇ। ਜੇ ਉਹ ਆਪਣੀ ਮਰਜ਼ੀ ਨਾਲ ਵਰ ਦੀ ਚੋਣ ਕਰਦੀ ਹੈ ਤਾਂ ਪਿਆਰ ਨਾਲ ਸਮਝਾਇਆ ਜਾਵੇ। ਇੱਜ਼ਤ ਦੀ ਖਾਤਰ ਕਤਲ ਕਰਨਾ ਸਮੱਸਿਆ ਦਾ ਹੱਲ ਨਹੀਂ। ਬੇਟੀ ਦੀ ਪਾਲਣਾ ਹੀ ਇਸ ਤਰ੍ਹਾਂ ਕੀਤੀ ਜਾਵੇ ਕਿ ਉਹ ਮਾਪਿਆਂ ਦੀ ਖੁਸ਼ੀ-ਗ਼ਮੀ ਦਾ ਖਿਆਲ ਰੱਖੇ। ਇੱਜ਼ਤ ਦੀ ਰਖਵਾਲੀ ਬਣੇ। ਦਾਜ ਇਕ ਸਮਾਜ ਦੇ ਮੱਥੇ ਲੱਗਾ ਕਲੰਕ ਹੈ। ਦਾਜ ਦੀ ਖਾਤਰ ਸੋਹਲ ਕਲੀਆਂ ਨੂੰ ਪੈਰਾਂ ਹੇਠ ਦਰੜ ਦੇਣਾ, ਮਾਰ ਦੇਣਾ, ਸਾੜ ਦੇਣਾ, ਆਤਮਹੱਤਿਆ ਲਈ ਮਜਬੂਰ ਕਰਨਾ ਕਿਥੋਂ ਦਾ ਨਿਆਂ ਹੈ? ਪੜ੍ਹੀ-ਲਿਖੀ ਕੁੜੀ ਤਾਂ ਉਂਜ ਹੀ ਸਾਰੀ ਉਮਰ ਦਾ ਦਾਜ ਹੈ। ਦਾਜ ਮੰਗਣਾ ਵਿਹਲੜ, ਭੁੱਖੇ ਤੇ ਲਾਲਚੀ ਲੋਕਾਂ ਦਾ ਕੰਮ ਹੈ। ਮੰਗਤੇ ਨਾ ਬਣੋ, ਆਪਣੀ ਕਮਾਈ 'ਤੇ ਮਾਣ ਕਰੋ। ਸ਼ਰਾਬੀ, ਨਸ਼ਈ ਤੇ ਆਚਰਣਹੀਣ ਲੋਕ ਔਰਤਾਂ ਪ੍ਰਤੀ ਵਧੇਰੇ ਹਿੰਸਕ ਹੋ ਜਾਂਦੇ ਹਨ। ਉਨ੍ਹਾਂ ਨੂੰ ਨਸ਼ੇ ਲਈ ਪੈਸੇ ਚਾਹੀਦੇ ਹਨ, ਭਾਵੇਂ ਔਰਤ ਭਾਂਡੇ ਮਾਂਜ ਕੇ ਲਿਆਵੇ। ਜੇ ਨਸ਼ਾਮੁਕਤ ਸਮਾਜ ਬਣ ਜਾਵੇ ਤਾਂ ਘਰੇਲੂ ਹਿੰਸਾ ਕਾਫੀ ਹੱਦ ਤੱਕ ਰੁਕ ਸਕਦੀ ਹੈ। ਪਰਿਵਾਰਕ ਜੀਅ ਸਮਝੌਤਾ ਕਰਨ ਦੀ ਜਾਚ ਸਿੱਖਣ। ਲੋੜ ਅਨੁਸਾਰ ਸਮਝੌਤਾ ਕਰ ਲੈਣਾ ਬੁਰਾਈ ਨਹੀਂ। ਸ਼ੱਕ ਕਰਨਾ ਵੀ ਮਾੜਾ ਹੈ। ਸ਼ੱਕ ਘਰ ਦੀਆਂ ਨੀਹਾਂ ਕਮਜ਼ੋਰ ਕਰਦੈ। ਪਤੀ-ਪਤਨੀ ਇਕ-ਦੂਜੇ ਪ੍ਰਤੀ ਵਫਾਦਾਰੀ ਨਿਭਾਉਣ। ਸਭ ਦੇ ਰਿਸ਼ਤੇਦਾਰਾਂ ਦਾ ਬਰਾਬਰ ਸਤਿਕਾਰ ਹੋਵੇ। ਸੱਸਾਂ ਆਪਣੀਆਂ ਨੂੰਹਾਂ 'ਤੇ ਜ਼ੁਲਮ ਨਾ ਕਰਨ। ਆਧੁਨਿਕ ਸੋਚ ਵਾਲੀਆਂ ਵੱਧ ਪੜ੍ਹੀਆਂ-ਲਿਖੀਆਂ ਤੇ ਕਮਾਊ ਔਰਤਾਂ ਹੰਕਾਰ ਵਿਚ ਆ ਕੇ ਬਜ਼ੁਰਗਾਂ ਨੂੰ ਪ੍ਰੇਸ਼ਾਨ ਨਾ ਕਰਨ। ਆਪਸੀ ਸਮਝ ਨਾਲ ਨਾ ਨੂੰਹਾਂ ਤੰਗ ਹੋਣਗੀਆਂ, ਨਾ ਸੱਸਾਂ। ਚੰਗੀ ਤੇ ਉਸਾਰੂ ਸੋਚ, ਰਿਸ਼ਤਿਆਂ ਦਾ ਸਤਿਕਾਰ, ਪਿਆਰ ਤੇ ਸਦਭਾਵਨਾ, ਸਹਿਣਸ਼ੀਲਤਾ, ਸੁਚੱਜੀ ਜੀਵਨ-ਜਾਚ, ਘਰੇਲੂ ਕੰਮ-ਕਾਜ ਕਰਨ ਦਾ ਸ਼ੌਕ, ਆਏ-ਗਏ ਦਾ ਆਦਰ-ਸਤਿਕਾਰ, ਵੱਡਿਆਂ ਪ੍ਰਤੀ ਸ਼ਰਧਾ ਭਾਵਨਾ, ਬੱਚਿਆਂ ਪ੍ਰਤੀ ਪਿਆਰ, ਬੱਸ ਛੋਟੀਆਂ-ਛੋਟੀਆਂ ਕੋਸ਼ਿਸ਼ਾਂ ਤੇ ਬਹੁਤ ਸੁਖੀ ਪਰਿਵਾਰ। ਜੇ ਅਸੀਂ ਦਿਲੋਂ ਚਾਹੁੰਦੇ ਹਾਂ ਕਿ ਸਾਡੇ ਬੱਚੇ ਚੰਗੀਆਂ ਕਦਰਾਂ-ਕੀਮਤਾਂ ਦੇ ਧਾਰਨੀ ਬਣਨ ਤਾਂ ਉਨ੍ਹਾਂ ਦੇ ਸਾਹਮਣੇ ਮਾਪਿਆਂ ਨੂੰ ਰੋਲ ਮਾਡਲ ਬਣਨਾ ਪਵੇਗਾ। ਘਰੇਲੂ ਹਿੰਸਾ ਕਿਸੇ ਤਰ੍ਹਾਂ ਵੀ ਚੰਗੀ ਨਹੀਂ। ਆਓ ਕੋਸ਼ਿਸ਼ ਕਰੀਏ ਪਿਆਰ ਨਾਲ ਸਿੰਜੀਏ ਪਰਿਵਾਰਕ ਫੁਲਵਾੜੀ ਨੂੰ। 45-ਐਲ, ਏ ਬਲਾਕ, ਮਾਡਲ ਹਾਊਸ, ਜਲੰਧਰ। ਧੰਨਵਾਦ ਸਾਹਿਤ ਅਜੀਤ ਜਲੰਧਰ 'ਚੋਂ 26.05.2011