ਘਰੇਲੂ ਹਿੰਸਾ ਕਦ ਤੱਕ? - ਗੁਰਬਚਨ ਕੌਰ ਦੂਆ ਘਰੇਲੂ ਹਿੰਸਾ ਤੋਂ ਭਾਵ ਹੈ ਪਰਿਵਾਰ ਦੇ ਕਿਸੇ ਇਕ ਜੀਅ ਵੱਲੋਂ ਕਿਸੇ ਦੂਜੇ ਜੀਅ 'ਤੇ ਕੀਤਾ ਜ਼ੁਲਮ, ਦਿੱਤਾ ਗਿਆ ਦੁੱਖ ਜਾਂ ਕਸ਼ਟ। ਅਜਿਹਾ ਆਦਮੀਆਂ ਵੱਲੋਂ ਔਰਤਾਂ 'ਤੇ ਵੀ ਹੁੰਦਾ ਹੈ। ਔਰਤਾਂ ਵੱਲੋਂ ਆਦਮੀਆਂ 'ਤੇ ਵੀ ਤੇ ਔਰਤਾਂ ਵੱਲੋਂ ਔਰਤਾਂ 'ਤੇ ਵੀ। ਘਰੇਲੂ ਹਿੰਸਾ ਅੱਜ ਸ਼ੁਰੂ ਨਹੀਂ ਹੋਈ, ਪਹਿਲਾਂ ਤੋਂ ਚਲਦੀ ਆ ਰਹੀ ਹੈ। ਪੁਰਖ ਪ੍ਰਧਾਨ ਸਮਾਜ ਵਿਚ ਔਰਤ ਦੀ ਹਾਲਤ ਬਹੁਤ ਚੰਗੀ ਨਹੀਂ ਸੀ। ਉਸ ਦਾ ਕਾਰਜ ਖੇਤਰ ਸਿਰਫ ਚੌਂਕਾ-ਚੁੱਲ੍ਹਾ ਸੀ। ਇਕ ਬੇਜਾਨ ਮੂਰਤੀ ਵਾਂਗ ਘਰ ਦੀ ਚਾਰਦੀਵਾਰੀ ਵਿਚ ਬੰਦ ਸੀ। ਆਜ਼ਾਦੀ ਮਿਲੀ, ਔਰਤ ਨੂੰ ਕੁਝ ਹੱਕ ਮਿਲੇ ਪਰ ਬਹੁਤੇ ਹੱਕ ਕਾਗਜ਼ਾਂ ਵਿਚ ਹੀ ਸਨ। ਜਦੋਂ ਵੱਡੀ ਉਮਰ ਦੀ ਔਰਤ ਦੇ ਹੱਥ ਕੁਝ ਸ਼ਕਤੀ ਆਈ ਤਾਂ ਉਸ ਨੇ ਛੋਟੀ ਪੀੜ੍ਹੀ ਦੀ ਔਰਤ 'ਤੇ ਸ਼ਿਕੰਜਾ ਕੱਸਿਆ। ਖਾਣ-ਪੀਣ, ਪਹਿਨਣ, ਪੜ੍ਹਨ-ਲਿਖਣ, ਕਿਸੇ ਮਨਪਸੰਦ ਇਨਸਾਨ ਨਾਲ ਗੱਲ ਕਰਨ ਦੀ ਆਗਿਆ ਨਹੀਂ ਸੀ। ਵਿਆਹ ਮਗਰੋਂ ਸੱਸਾਂ ਵੱਲੋਂ ਹੋਰ ਵੀ ਸਖਤੀ, ਲੜਕੀ ਨੂੰ ਜਨਮ ਦੇਣ ਵਾਲੀ ਔਰਤ ਦਾ ਸਤਿਕਾਰ ਨਹੀਂ ਸੀ। ਅਜੇ ਵੀ ਠੱਲ੍ਹ ਨਹੀਂ ਪਈ। ਬਹੁਤ ਕੁਝ ਅਜਿਹਾ ਹੋਈ ਜਾ ਰਿਹੈ, ਜੋ ਨਹੀਂ ਹੋਣਾ ਚਾਹੀਦਾ। ਕਾਨੂੰਨ ਬਣੇ, ਲਾਗੂ ਹੋਏ, ਕੁਝ ਜਾਗ੍ਰਿਤੀ ਆਈ ਪਰ ਆਮ ਔਰਤ ਨਾਲ ਅਣਸੁਖਾਵਾਂ ਵਿਉਹਾਰ ਹੁੰਦਾ ਰਿਹਾ। ਹਾਂ, ਕੁਝ ਪੜ੍ਹੀਆਂ-ਲਿਖੀਆਂ ਤੇ ਸੁਚੇਤ ਔਰਤਾਂ ਨੂੰ ਥੋੜ੍ਹੀ ਰਾਹਤ ਮਿਲੀ। 2005 ਵਿਚ ਔਰਤਾਂ ਦੀ ਰੱਖਿਆ ਲਈ 'ਘਰੇਲੂ ਹਿੰਸਾ ਐਕਟ' ਪਾਸ ਹੋਇਆ, ਲਾਗੂ ਹੋਇਆ। ਕੁੜੀਆਂ ਦੀ ਗੱਲ ਧਿਆਨ ਨਾਲ ਸੁਣੀ ਗਈ ਪਰ ਕੁੜੀਆਂ ਨੇ ਇਸ ਗੱਲ ਦਾ ਨਾਜਾਇਜ਼ ਲਾਭ ਲਿਆ। ਕਸੂਰਵਾਰ ਲੋਕਾਂ ਨੂੰ ਤਾਂ ਸਖਤ ਸਜ਼ਾ ਮਿਲਣੀ ਜ਼ਰੂਰੀ ਹੈ ਪਰ ਕਿਤੇ-ਕਿਤੇ ਬਜ਼ੁਰਗ ਸੱਸਾਂ-ਸਹੁਰੇ ਬੇਕਸੂਰ ਹੁੰਦੇ ਹੋਏ ਥਾਣਿਆਂ-ਕਚਹਿਰੀਆਂ ਦੇ ਚੱਕਰ ਕੱਟਦੇ ਦਿਸੇ। 'ਘਰੇਲੂ ਹਿੰਸਾ ਐਕਟ-2005' ਨੂੰ ਹੋਰ ਵੀ ਸਪੱਸ਼ਟ ਕੀਤਾ ਗਿਆ ਕਿ ਹਿੰਸਾ 'ਤੇ ਰੋਕ ਕੇਵਲ ਮਰਦ ਸਮਾਜ 'ਤੇ ਹੀ ਨਹੀਂ, ਸਗੋਂ ਇਹ ਘਰੇਲੂ ਹਿੰਸਾ ਕਾਨੂੰਨ ਔਰਤਾਂ 'ਤੇ ਵੀ ਲਾਗੂ ਹੋਵੇਗਾ। ਔਰਤ 'ਤੇ ਜ਼ੁਲਮ ਕਰਨ ਵਾਲੀ ਔਰਤ ਵੀ ਮਰਦ ਵਾਂਗ ਸਜ਼ਾ ਤੇ ਜੁਰਮਾਨੇ ਦੀ ਹੱਕਦਾਰ ਹੋਵੇਗੀ। ਸੋ ਔਰਤ ਤੇ ਮਰਦ ਦੋਵਾਂ ਨੂੰ ਆਪਣਾ ਪੱਖ ਪੇਸ਼ ਕਰਨ ਦਾ ਹੱਕ ਮਿਲਿਆ ਹੈ। ਕਾਨੂੰਨ ਚੰਗਾ ਹੈ। ਇਸ ਨੇ ਸਾਨੂੰ ਰਾਹ ਦਿਖਾਉਣਾ ਹੈ। ਮੰਜ਼ਿਲ 'ਤੇ ਪਹੁੰਚਣ ਲਈ ਯਤਨ ਆਪ ਕਰਨੇ ਹਨ। ਬਹੁਤ ਹੀ ਮੁਸ਼ਕਿਲ ਪੈ ਜਾਵੇ ਤਾਂ ਕੋਰਟ-ਕਚਹਿਰੀਆਂ ਵਿਚ ਜਾਇਆ ਜਾਵੇ, ਨਹੀਂ ਤਾਂ ਕੁਝ ਗੱਲਾਂ ਵੱਲ ਧਿਆਨ ਦਿੰਦੇ ਰਹੀਏ ਤਾਂ ਘਰੇਲੂ ਹਿੰਸਾ ਕਾਫੀ ਹੱਦ ਤੱਕ ਘਟ ਜਾਵੇਗੀ। ਔਰਤ ਨੂੰ ਧੀ ਜੰਮਣ ਦਾ ਹੱਕ ਮਿਲੇ। ਪੁਰਖ ਜਾਂ ਔਰਤਾਂ ਉਸ 'ਤੇ ਕੰਨਿਆ ਭਰੂਣ-ਹੱਤਿਆ ਲਈ ਦਬਾਅ ਨਾ ਪਾਉਣ। ਨਿੱਕੀਆਂ-ਨਿੱਕੀਆਂ ਗੱਲਾਂ ਬੱਚੀਆਂ ਦੀ ਮਾਰਕੁਟਾਈ ਕਰਨਾ ਅਣਮਨੁੱਖੀ ਵਰਤਾਰਾ ਹੈ। ਬੱਚੀ ਨੂੰ ਪਾਲਣ ਸਮੇਂ ਪੁੱਤਰ ਵਾਂਗ ਪਾਲਿਆ ਤੇ ਪੜ੍ਹਾਇਆ ਜਾਵੇ। ਵਰ ਦੀ ਚੋਣ ਸਮੇਂ ਉਸ ਦੀ ਸਲਾਹ ਲਈ ਜਾਵੇ। ਜੇ ਉਹ ਆਪਣੀ ਮਰਜ਼ੀ ਨਾਲ ਵਰ ਦੀ ਚੋਣ ਕਰਦੀ ਹੈ ਤਾਂ ਪਿਆਰ ਨਾਲ ਸਮਝਾਇਆ ਜਾਵੇ। ਇੱਜ਼ਤ ਦੀ ਖਾਤਰ ਕਤਲ ਕਰਨਾ ਸਮੱਸਿਆ ਦਾ ਹੱਲ ਨਹੀਂ। ਬੇਟੀ ਦੀ ਪਾਲਣਾ ਹੀ ਇਸ ਤਰ੍ਹਾਂ ਕੀਤੀ ਜਾਵੇ ਕਿ ਉਹ ਮਾਪਿਆਂ ਦੀ ਖੁਸ਼ੀ-ਗ਼ਮੀ ਦਾ ਖਿਆਲ ਰੱਖੇ। ਇੱਜ਼ਤ ਦੀ ਰਖਵਾਲੀ ਬਣੇ। ਦਾਜ ਇਕ ਸਮਾਜ ਦੇ ਮੱਥੇ ਲੱਗਾ ਕਲੰਕ ਹੈ। ਦਾਜ ਦੀ ਖਾਤਰ ਸੋਹਲ ਕਲੀਆਂ ਨੂੰ ਪੈਰਾਂ ਹੇਠ ਦਰੜ ਦੇਣਾ, ਮਾਰ ਦੇਣਾ, ਸਾੜ ਦੇਣਾ, ਆਤਮਹੱਤਿਆ ਲਈ ਮਜਬੂਰ ਕਰਨਾ ਕਿਥੋਂ ਦਾ ਨਿਆਂ ਹੈ? ਪੜ੍ਹੀ-ਲਿਖੀ ਕੁੜੀ ਤਾਂ ਉਂਜ ਹੀ ਸਾਰੀ ਉਮਰ ਦਾ ਦਾਜ ਹੈ। ਦਾਜ ਮੰਗਣਾ ਵਿਹਲੜ, ਭੁੱਖੇ ਤੇ ਲਾਲਚੀ ਲੋਕਾਂ ਦਾ ਕੰਮ ਹੈ। ਮੰਗਤੇ ਨਾ ਬਣੋ, ਆਪਣੀ ਕਮਾਈ 'ਤੇ ਮਾਣ ਕਰੋ। ਸ਼ਰਾਬੀ, ਨਸ਼ਈ ਤੇ ਆਚਰਣਹੀਣ ਲੋਕ ਔਰਤਾਂ ਪ੍ਰਤੀ ਵਧੇਰੇ ਹਿੰਸਕ ਹੋ ਜਾਂਦੇ ਹਨ। ਉਨ੍ਹਾਂ ਨੂੰ ਨਸ਼ੇ ਲਈ ਪੈਸੇ ਚਾਹੀਦੇ ਹਨ, ਭਾਵੇਂ ਔਰਤ ਭਾਂਡੇ ਮਾਂਜ ਕੇ ਲਿਆਵੇ। ਜੇ ਨਸ਼ਾਮੁਕਤ ਸਮਾਜ ਬਣ ਜਾਵੇ ਤਾਂ ਘਰੇਲੂ ਹਿੰਸਾ ਕਾਫੀ ਹੱਦ ਤੱਕ ਰੁਕ ਸਕਦੀ ਹੈ। ਪਰਿਵਾਰਕ ਜੀਅ ਸਮਝੌਤਾ ਕਰਨ ਦੀ ਜਾਚ ਸਿੱਖਣ। ਲੋੜ ਅਨੁਸਾਰ ਸਮਝੌਤਾ ਕਰ ਲੈਣਾ ਬੁਰਾਈ ਨਹੀਂ। ਸ਼ੱਕ ਕਰਨਾ ਵੀ ਮਾੜਾ ਹੈ। ਸ਼ੱਕ ਘਰ ਦੀਆਂ ਨੀਹਾਂ ਕਮਜ਼ੋਰ ਕਰਦੈ। ਪਤੀ-ਪਤਨੀ ਇਕ-ਦੂਜੇ ਪ੍ਰਤੀ ਵਫਾਦਾਰੀ ਨਿਭਾਉਣ। ਸਭ ਦੇ ਰਿਸ਼ਤੇਦਾਰਾਂ ਦਾ ਬਰਾਬਰ ਸਤਿਕਾਰ ਹੋਵੇ। ਸੱਸਾਂ ਆਪਣੀਆਂ ਨੂੰਹਾਂ 'ਤੇ ਜ਼ੁਲਮ ਨਾ ਕਰਨ। ਆਧੁਨਿਕ ਸੋਚ ਵਾਲੀਆਂ ਵੱਧ ਪੜ੍ਹੀਆਂ-ਲਿਖੀਆਂ ਤੇ ਕਮਾਊ ਔਰਤਾਂ ਹੰਕਾਰ ਵਿਚ ਆ ਕੇ ਬਜ਼ੁਰਗਾਂ ਨੂੰ ਪ੍ਰੇਸ਼ਾਨ ਨਾ ਕਰਨ। ਆਪਸੀ ਸਮਝ ਨਾਲ ਨਾ ਨੂੰਹਾਂ ਤੰਗ ਹੋਣਗੀਆਂ, ਨਾ ਸੱਸਾਂ। ਚੰਗੀ ਤੇ ਉਸਾਰੂ ਸੋਚ, ਰਿਸ਼ਤਿਆਂ ਦਾ ਸਤਿਕਾਰ, ਪਿਆਰ ਤੇ ਸਦਭਾਵਨਾ, ਸਹਿਣਸ਼ੀਲਤਾ, ਸੁਚੱਜੀ ਜੀਵਨ-ਜਾਚ, ਘਰੇਲੂ ਕੰਮ-ਕਾਜ ਕਰਨ ਦਾ ਸ਼ੌਕ, ਆਏ-ਗਏ ਦਾ ਆਦਰ-ਸਤਿਕਾਰ, ਵੱਡਿਆਂ ਪ੍ਰਤੀ ਸ਼ਰਧਾ ਭਾਵਨਾ, ਬੱਚਿਆਂ ਪ੍ਰਤੀ ਪਿਆਰ, ਬੱਸ ਛੋਟੀਆਂ-ਛੋਟੀਆਂ ਕੋਸ਼ਿਸ਼ਾਂ ਤੇ ਬਹੁਤ ਸੁਖੀ ਪਰਿਵਾਰ। ਜੇ ਅਸੀਂ ਦਿਲੋਂ ਚਾਹੁੰਦੇ ਹਾਂ ਕਿ ਸਾਡੇ ਬੱਚੇ ਚੰਗੀਆਂ ਕਦਰਾਂ-ਕੀਮਤਾਂ ਦੇ ਧਾਰਨੀ ਬਣਨ ਤਾਂ ਉਨ੍ਹਾਂ ਦੇ ਸਾਹਮਣੇ ਮਾਪਿਆਂ ਨੂੰ ਰੋਲ ਮਾਡਲ ਬਣਨਾ ਪਵੇਗਾ। ਘਰੇਲੂ ਹਿੰਸਾ ਕਿਸੇ ਤਰ੍ਹਾਂ ਵੀ ਚੰਗੀ ਨਹੀਂ। ਆਓ ਕੋਸ਼ਿਸ਼ ਕਰੀਏ ਪਿਆਰ ਨਾਲ ਸਿੰਜੀਏ ਪਰਿਵਾਰਕ ਫੁਲਵਾੜੀ ਨੂੰ। 45-ਐਲ, ਏ ਬਲਾਕ, ਮਾਡਲ ਹਾਊਸ, ਜਲੰਧਰ। ਧੰਨਵਾਦ ਸਾਹਿਤ ਅਜੀਤ ਜਲੰਧਰ 'ਚੋਂ 26.05.2011