”ਆਨਰ ਕਿਲਿੰਗ” ਅਣਖ ਦੇ ਨਾਂ ‘ਤੇ ਕਤਲ ਜਾਂ ਅਣਖ ਨਾਲ਼ ਨਾ ਜੀਣ ਦੇਣ ਦਾ ਜਨੂੰਨ -ਨਮਿਤਾ (ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ) ਪਿਛਲੇ ਕੁਝ ਸਾਲਾਂ ਤੋਂ ਭਾਰਤ ਦੇ ਪਿੰਰਟ ਅਤੇ ਇਲੈਕਟ੍ਰਾਨਿਕ ਮੀਡੀਆਂ ‘ਚ ”ਆਨਰ ਕਿਲਿੰਗ” ਦੀ ਚਰਚਾ ਹੁੰਦੀ ਰਹੀ ਹੈ ਅਤੇ ਇਹ ਚਰਚਾ ਅੱਜ ਵੀ ਜਾਰੀ ਹੈ। ਮੀਡੀਆ ‘ਚ ਕਦੇ ਕਦੇ ਇਸ ਮੁੱਦੇ ‘ਤੇ ਜ਼ੋਰ ਸ਼ੋਰ ਨਾਲ਼ ਚਰਚਾ ਹੁੰਦੀ ਹੈ ਅਤੇ ਕਦੇ ਗਾਹੇ ਬਗਾਹੇ। ਪਰ ਮੀਡੀਆ ਦੀਆਂ ਸੁਰਖੀਆਂ ਤੋਂ ਦੂਰ ਅਣਖ ਦੇ ਨਾਂ ‘ਤੇ ਨੌਜਵਾਨ ਮੁੰਡੇ-ਕੁੜੀਆਂ ਦੇ ਕਤਲਾਂ ਦਾ ਸਿਲਸਿਲਾ ਬਾਦਸਤੂਰ ਜਾਰੀ ਹੈ। ਅਣਖ ਦੇ ਨਾਂ ‘ਤੇ ਹੋਣ ਵਾਲ਼ੇ ਸਾਰੇ ਕਤਲ ਤਾਂ ਮੀਡੀਆ ਦੀਆਂ ਸੁਰਖੀਆਂ ਵਿੱਚ ਆਉਂਦੇ ਹੀ ਨਹੀਂ। ਬਹੁਤ ਸਾਰੇ ਕਤਲ ਤਾਂ ਆਤਮ ਹੱਤਿਆ ਜਾਂ ਦੁਰਘਟਨਾਵਾਂ ਦੇ ਰੂਪ ‘ਚ ਹੀ ਖਪਾ ਦਿੱਤੇ ਜਾਂਦੇ ਹਨ। ”ਆਨਰ ਕਿਲਿੰਗ” ਜੇਹਾ ਕਿ ਨਾਂ ਤੋਂ ਹੀ ਜ਼ਾਹਿਰ ਹੈ ਅਣਖ ਲਈ ਕਿਸੇ ਦਾ ਕਤਲ। ”ਅਣਖ” ਦੇ ਨਾਮ ‘ਤੇ ਹਰ ਸਾਲ ਭਾਰਤ ਵਿੱਚ ਲਗਭਗ 1000 ਨੌਜਵਾਨਾਂ (ਇਹ ਤਾਂ ਸਰਕਾਰੀ ਅੰਕੜਾ ਹੈ, ਪਰ ਅਸਲ ਸੰਖਿਆ ਇਸ ਤੋਂ ਕਿਤੇ ਵਧੇਰੇ ਹੈ) ਦਾ ਕਤਲ ਕੀਤਾ ਜਾਂਦਾ ਹੈ। ਇਨ੍ਹਾਂ ਨੌਜਵਾਨਾਂ ਦਾ ‘ਗੁਨਾਹ’ ਸਿਰਫ਼ ਏਨਾ ਹੀ ਹੁੰਦਾ ਹੈ ਕਿ ਉਹ ਆਪਣਾ ਜੀਵਨ ਸਾਥੀ ਆਪਣੀ ਪਸੰਦ ਨਾਲ਼ ਚੁਣਨ ਦੀ ਹਿੰਮਤ ਕਰਦੇ ਹਨ। ਪਰ ਪਿਛਾਂਹਖਿੱਚੂਆਂ, ਸਮਾਜਿਕ ਨੈਤਿਕਤਾ ਦੇ ਅਖੌਤੀ ਠੇਕੇਦਾਰਾਂ ਨੂੰ ਏਨਾ ਵੀ ਮਨਜ਼ੂਰ ਨਹੀਂ ਹੈ। ਇਹ ਸਿਰਫ਼ ਸਾਡੇ ਦੇਸ਼ ਵਿੱਚ ਹੀ ਨਹੀਂ ਹੁੰਦਾ ਸਗੋਂ ਕਿਸੇ ਨਾ ਕਿਸੇ ਰੂਪ ਵਿੱਚ ਇਹ ਇੱਕ ਸੰਸਾਰ ਵਿਆਪੀ ਵਰਤਾਰਾ ਹੈ। ਕਈ ਦੇਸ਼ਾਂ ਵਿੱਚ ਅਣਖ ਦੇ ਨਾਂ ‘ਤੇ ਹੋਣ ਵਾਲ਼ੇ ਕਤਲਾਂ ‘ਚ ਔਰਤਾਂ ਨੂੰ ਵਧੇਰੇ ਨਿਸ਼ਾਨਾ ਬਣਾਇਆ ਜਾਂਦਾ ਹੈ। ਆਨਲਾਈਨ ਇਨਸਾਈਕਲੋਪੀਡੀਆ ‘ਵਿਕੀਪੀਡੀਆ’ ਅਨੁਸਾਰ ਇਹ ਅਲਬਾਨੀਆ, ਬੰਗਲਾਦੇਸ਼, ਜਰਮਨੀ, ਭਾਰਤ, ਇਰਾਨ, ਇਰਾਕ, ਇਜ਼ਰਾਇਲ, ਇਟਲੀ, ਜਾਰਡਨ, ਮੋਰੱਕੋ, ਪਾਕਿਸਤਾਨ, ਤੁਰਕੀ, ਯੂਗਾਂਡਾ ਆਦਿ ਦੇਸ਼ਾਂ ਵਿੱਚ ਵੀ ਅਣਖ ਦੇ ਨਾਂ ‘ਤੇ ਕਤਲ ਹੁੰਦੇ ਹਨ। ਇਨ੍ਹਾਂ ਵਿੱਚੋਂ ਕੈਨੇਡਾ, ਡੈਨਮਾਰਕ, ਜਰਮਨੀ, ਇਟਲੀ, ਸਵੀਡਨ, ਬ੍ਰਿਟੇਨ ਆਦਿ ਅਜਿਹੇ ਦੇਸ਼ ਹਨ ਜਿਨ੍ਹਾਂ ਦੇ ਵਿਸ਼ਿਸ਼ਟ ਇਤਿਹਾਸਕ ਵਿਕਾਸ ਕਾਰਨ ਇੱਥੋਂ ਸਮਾਜਿਕ ਤਾਣੇ ਬਾਣੇ ਵਿੱਚ ਜਮਹੂਰੀ ਕਦਰਾਂ ਕੀਮਤਾਂ ਰਚੀਆਂ ਵਸੀਆਂ ਹੋਈਆਂ ਹਨ। ਉੱਥੇ ਕਿਸੇ ਵੀ ਨਾਗਰਿਕ ਦੀ ਨਿੱਜਤਾ ਅਤੇ ਵਿਅਕਤੀਗਤ ਆਜ਼ਾਦੀ ਦੀ ਦੂਸਰੇ ਨਾਗਰਿਕ ਇੱਜ਼ਤ ਕਰਦੇ ਹਨ। ਨੌਜਵਾਨਾਂ ਦੇ ਪ੍ਰੇਮ ਅਤੇ ਵਿਆਹ ਸਬੰਧੀ ਫੈਸਲਿਆਂ ਨੂੰ ਉਨ੍ਹਾਂ ਸਮਾਜਾਂ ‘ਚ ਖੁਸ਼ੀ ਖੁਸ਼ੀ ਪ੍ਰਵਾਨ ਕੀਤਾ ਜਾਂਦਾ ਹੈ। ਨੌਜਵਾਨਾਂ ਦੇ ਪ੍ਰੇਮ ਅਤੇ ਵਿਆਹ ਦੇ ਮਾਮਲਿਆਂ ‘ਚ ਤੀਸਰੇ ਵਿਅਕਤੀ ਦਾ ਦਖ਼ਲ ਪੂਰੀ ਤਰ੍ਹਾਂ ਖ਼ਤਮ ਹੋ ਚੁੱਕਾ ਹੈ। ‘ਅਰੇਂਜਡ ਮੈਰਿਜਜ਼’ ਦੀ ਪ੍ਰੰਪਰਾ ਬਹੁਤ ਪਹਿਲਾਂ ਹੀ ਉੱਥੋਂ ਦੇ ਇਤਿਹਾਸ ਦੇ ਕੂੜੇਦਾਨ ਵਿੱਚ ਪਹੁੰਚ ਚੁੱਕੀ ਹੈ। ਇਸ ਸਮੇਂ ਇਨ੍ਹਾਂ ਦੇਸ਼ਾਂ ਵਿੱਚ ”ਆਨਰ ਕਿਲਿੰਗ” ਦੇ ਮਾਮਲੇ ਉਨ੍ਹਾਂ ਭਾਈਚਾਰਿਆਂ ਵਿੱਚ ਹੀ ਸਾਹਮਣੇ ਆ ਰਹੇ ਹਨ, ਜੋ ਪੱਛੜੇ ਦੇਸ਼ਾਂ ਖਾਸ ਕਰਕੇ ਏਸ਼ੀਆ ਵਿੱਚੋਂ ਜਾ ਕੇ ਇੱਥੇ ਵਸ ਗਏ ਹਨ। ਆਓ ਹੁਣ ‘ਆਨਰ ਕਿਲਿੰਗ’ ਦੇ ਇਸ ਸੰਸਾਰ ਵਿਆਪੀ ਵਰਤਾਰੇ ਉੱਪਰ ਇੱਕ ਨਜ਼ਰ ਮਾਰੀਏ। ਨਿਊਯਾਰਕ ਟਾਈਮਜ਼ ਦੀ ਇੱਕ ਰਿਪੋਰਟ ਮੁਤਾਬਕ 1991 ਵਿੱਚ ਇਰਾਕੀ ਕੁਰਦਿਸਤਾਨ ਵਿੱਚ 12000 ਤੋਂ ਵਧੇਰੇ ਔਰਤਾਂ ਦਾ ”ਅਣਖ” ਦੇ ਨਾਂ ‘ਤੇ ਕਤਲ ਕੀਤਾ ਗਿਆ। ਬ੍ਰਿਟੇਨ ਵਿੱਚ ਹਰ ਸਾਲ 17000 ਤੋਂ ਵਧੇਰੇ ਔਰਤਾਂ ਇਸ ਅਖੌਤੀ ਅਣਖ ਲਈ ਬਲ਼ੀ ਚੜਾਈਆਂ ਜਾਂਦੀਆਂ ਹਨ। ਬੀ.ਬੀ.ਸੀ. ਦੀ 2005 ਦੀ ਰਿਪੋਰਟ ਅਨੁਸਾਰ ਪਾਕਿਸਤਾਨ ਵਿੱਚ 4000 ਤੋਂ ਵਧੇਰੇ ਔਰਤਾਂ ”ਆਨਰ ਕਿਲਿੰਗ” ਦਾ ਸ਼ਿਕਾਰ ਹੋਈਆਂ ਜਿੱਥੇ ਇਸ ਨੂੰ ‘ਕਾਰੋ-ਕਾਰੀ’ ਦੇ ਨਾਂ ਨਾਲ਼ ਜਾਣਿਆਂ ਜਾਂਦਾ ਹੈ। ਇੱਕ ਔਰਤ ਦੇ ਆਨਰ ਕਿਲਿੰਗ ਦਾ ਸ਼ਿਕਾਰ ਹੋਣ ਦਾ ਸਿਰਫ਼ ਪ੍ਰੇਮ ਹੀ ਨਹੀਂ ਹੋਰ ਵੀ ਬਹੁਤ ਸਾਰੇ ਕਾਰਨ ਹਨ ਜਿਸ ਨਾਲ਼ ਇਸ ਸਮਾਜ ਦੇ ਠੇਕੇਦਾਰਾਂ ਦੀ ਇੱਜ਼ਤ ‘ਤੇ ਸੱਟ ਲੱਗਦੀ ਹੈ ਅਤੇ ਉਹ ਆਪਣੀ ‘ਅਣਖ’ ਖਾਤਰ ਕਿਸੇ ਦੀ ਜਾਨ ਲੈਣ ਦੇ ਹੱਕਦਾਰ ਹੋ ਜਾਂਦੇ ਹਨ ਖਾਸ ਕਰ ਦੇ ਔਰਤਾਂ ਦੀ। ਜਿਵੇਂ ਜੇਕਰ ਕੋਈ ਔਰਤ ਕਿਸੇ ਨਾਲ਼ ਪਿਆਰ ਕਰਦੀ ਹੈ ਜਾਂ ਉਹ ਅਰੇਜਡ ਮੈਰਿਜ ਕਰਨ ਤੋਂ ਮਨ੍ਹਾਂ ਕਰਦੀ ਹੈ ਜਾਂ ਆਪਣੇ ਪਤੀ ਦੇ ਦੁਰਵਿਵਹਾਰ ਤੋਂ ਤੰਗ ਆ ਕੇ ਤਲਾਕ ਚਾਹੁੰਦੀ ਹੈ ਜਾਂ ਕਿਸੇ ਪਰਾਏ ਮਰਦ ਨਾਲ਼ ਸਬੰਧ ਰੱਖਦੀ ਹੈ। ਬਹੁਤ ਸਾਰੇ ਮਾਮਲਿਆਂ ‘ਚ ਤਾਂ ਸਿਰਫ਼ ਸ਼ੱਕ ਦੇ ਅਧਾਰ ‘ਤੇ ‘ਅਣਖ’ ਲਈ ਕਤਲ ਜ਼ਾਇਜ ਮੰਨਿਆ ਜਾਂਦਾ ਹੈ। ਉਦਾਹਰਣ ਲਈ ਜਾਰਡਨ ‘ਚ 2007 ‘ਚ ਇੱਕ 17 ਸਾਲ ਦੀ ਕੁੜੀ ਨੂੰ ਸਿਰਫ਼ ਇਸ ਲਈ ਮਾਰ ਦਿੱਤਾ ਗਿਆ ਕਿਉਂਕਿ ਕਾਤਲਾਂ ਨੂੰ ਸ਼ੱਕ ਸੀ ਕਿ ਉਸ ਦੇ ਕਿਸੇ ਹੋਰ ਨਾਲ਼ ਸਬੰਧ ਹਨ। ਅਣਖ ਦੇ ਨਾਂ ‘ਤੇ ਕਤਲ ਦਾ ਢੰਗ ਇੰਨਾ ਘਿਨਾਉਣਾ ਅਤੇ ਭਿਅੰਕਰ ਅਪਣਾਇਆ ਜਾਂਦਾ ਹੈ ਜਿੰਨਾ ਕਿ ਪਸ਼ੂਆਂ ਨਾਲ਼ ਵੀ ਨਹੀਂ ਕੀਤਾ ਜਾਂਦਾ। ਕਸਾਈਆਂ ਵਾਂਗ ਉਨ੍ਹਾਂ ਨੂੰ ਬੱਟੇ ਮਾਰਕੇ, ਗਲ਼ ਘੁੱਟ ਕੇ, ਗੋਲ਼ੀ ਮਾਰ ਕੇ ਅਤੇ ਜਿਉਂਦਾ ਜਲਾ ਕੇ ਇਹ ਕਾਤਲ ਆਪਣੀ ‘ਅਣਖ’ ਦੀ ਸੁਰੱਖਿਆ ਕਰਦੇ ਹਨ। ਆਮ ਕਰਕੇ ਇਸਤਰੀਆਂ ਨੂੰ ਇੰਨਾ ਬੁਰੀ ਤਰ੍ਹਾਂ ਤੰਗ ਕੀਤਾ ਜਾਂਦਾ ਹੈ ਉਹ ਆਪ ਹੀ ਖੁਦਕੁਸ਼ੀ ਕਰਨ ‘ਤੇ ਮਜ਼ਬੂਰ ਹੋ ਜਾਂਦੀਆਂ ਹਨ। ਇਸ ਦੇ ਵਿਰੁੱਧ ਬਹੁਤ ਸਾਰੇ ਕਾਨੂੰਨ ਬਣੇ ਹੋਏ ਹਨ ਜੋ ਕਿ ਹੋਰ ਕਾਨੂੰਨਾਂ ਵਾਂਗ ਫਾਈਲਾਂ ਦੀ ਧੂੜ ਚੱਟਣ ਤੱਕ ਸੀਮਤ ਹਨ ਜਿਨ੍ਹਾਂ ‘ਤੇ ਕੋਈ ਅਮਲ ਨਹੀਂ ਹੁੰਦਾ। ਕਈ ਦੇਸ਼ਾਂ ਵਿੱਚ ਤਾਂ ਅਜਿਹੇ ਕਾਨੂੰਨ ਵੀ ਹਨ ਜੋ ‘ਅਣਖ’ ਲਈ ਕਤਲਾਂ ਨੂੰ ਜ਼ਾਇਜ਼ ਠਹਿਰਾਉਂਦੇ ਹਨ ਅਤੇ ਕਾਤਲਾਂ ਨੂੰ ਅਜਿਹਾ ਕਰਨ ਦੀ ਖੁੱਲ੍ਹ ਦਿੰਦੇ ਹਨ। ਪਾਕਿਸਤਾਨ ‘ਚ ”ਆਨਰ ਕਿਲਿੰਗ” ਦੇ ਲਈ ਸਜ਼ਾ ਹੈ ਪਰ ਅਮਲ ‘ਚ ਪੁਲਿਸ ਅਤੇ ਕਚਹਿਰੀਆਂ ਇਸ ਦੀ ਖੁੱਲ੍ਹੇਆਮ ਉਲੰਘਣਾ ਕਰਦੀਆਂ ਹਨ। ਜੇਕਰ ਕਾਤਲ ਇਹ ਦਾਅਵਾ ਕਰ ਦੇਵੇ ਕਿ ਉਸ ਨੇ ਇਹ ਕਾਰਾ ਆਪਣੀ ‘ਅਣਖ’ ਲਈ ਕੀਤਾ ਹੈ ਤਾਂ ਉਹ ਦੋਸ਼ ਰਹਿਤ ਹੋ ਜਾਂਦਾ ਹੈ। ਵਧੇਰੇ ਕਾਨੂੰਨ ਅਜਿਹੇ ਹਨ ਜੋ ਪੀੜਤਾਂ ਦੀ ਮੱਦਦ ਨਾ ਕਰਕੇ ਕਾਤਲਾਂ ਦੀ ਰੱਖਿਆ ਕਰਦੇ ਹਨ। ਆਓ ਦੇਖੀਏ – ਪਾਕਿਸਤਾਨ ਦੇ ਜਿਆ ਅਲ-ਹੱਕ ਦੀ ਸਰਕਾਰ ਦੌਰਾਨ ਬਣਾਏ ਇੱਕ ਕਾਨੂੰਨ ਮੁਤਾਬਕ ਕਾਤਲ ਪੀੜਤ ਦੇ ਰਿਸ਼ਤੇਦਾਰਾਂ ਨੂੰ ਕੁਝ ਮੁਆਵਜਾ ਦੇਕੇ ਆਰਾਮ ਨਾਲ਼ ਮੁਕਤ ਹੋ ਸਕਦੇ ਹਨ। ਇਹ ਕਾਨੂੰਨ ਅੱਜ ਵੀ ਪਾਕਿਸਤਾਨ ‘ਚ ”ਕਾਰੋ-ਕਾਰੀ” ਨੂੰ ਖੁੱਲ੍ਹੇਆਮ ਹੱਲਾਸ਼ੇਰੀ ਦੇ ਰਿਹਾ ਹੈ। ਬਹੁਤੇ ਕੇਸਾਂ ‘ਚ ਤਾਂ ਕਾਤਲ ਪੀੜਤ ਦਾ ਕਰੀਬੀ ਰਿਸ਼ਤੇਦਾਰ ਹੀ ਹੁੰਦਾ ਹੈ, ਇਸ ਲਈ ਉਸ ਨੂੰ ਮਾਫ਼ੀ ਲਈ ਬਿਨਾਂ ਕਿਸੇ ਮੁਆਵਜੇ ਦੇ ਮੁਕਤੀ ਮਿਲ਼ ਜਾਂਦੀ ਹੈ। ਜਾਰਡਨ ਦੇ ਸਮਕਾਲੀ ਕਾਨੂੰਨ (ਪੇਨਲ ਕੋਡ 340) ਮੁਤਾਬਕ, ”ਜਿਸ ਨੂੰ ਆਪਣੀ ਪਤਨੀ ਜਾਂ ਇਸਤਰੀ ਰਿਸ਼ਤੇਦਾਰ ਦੇ ਨਜ਼ਾਇਜ਼ ਸਬੰਧਾਂ ਦਾ ਪਤਾ ਲਗ ਗਿਆ ਹੈ ਉਹ ਉਸਨੂੰ ਮਾਰ ਸਕਦਾ ਹੈ ਜਾਂ ਫੱਟੜ ਕਰ ਸਕਦਾ ਹੈ ਅਤੇ ਬਿਨਾਂ ਕਿਸੇ ਸਜ਼ਾ ਦੇ ਘੁੰਮ ਸਕਦਾ ਹੈ।” ਸੀਰੀਆਈ ਕਾਨੂੰਨ ਮੁਤਾਬਕ ਵੀ ਜੇਕਰ ਕਿਸੇ ਦੀ ਪਤਨੀ, ਭੈਣ ਜਾਂ ਇਸਤਰੀ ਰਿਸ਼ਤੇਦਾਰ ਪਰਾਏ ਮਰਦਾਂ ਨਾਲ਼ ਸਬੰਧ ਰੱਖਣ ਵਾਲ਼ੀ ਹੋ ਗਈ ਹੋਵੇ ਤਾਂ ਉਹ ਉਸ ਨੂੰ ਕਤਲ ਕਰ ਸਕਦਾ ਹੈ ਅਤੇ ਬਿਨਾਂ ਕਿਸੇ ਸਜ਼ਾ ਦੇ ਰਿਹਾਅ ਹੋ ਸਕਦਾ ਹੈ। ਹੈਤੀ, ਬ੍ਰਾਜਿਲ ਅਤੇ ਕਲੋਬੀਆ ‘ਚ ਵੀ ਲਗਭਗ ਅਜਿਹੇ ਹੀ ਕਾਨੂੰਨ ਹਨ। ਇਨ੍ਹਾਂ ਸਾਰੇ ਦੇਸ਼ਾਂ ‘ਚ ਕਾਨੂੰਨ ਮਰਦਾਂ ਨੂੰ ”ਪਰਵਾਰ ਦੀ ਅਣਖ” ਦੇ ਨਾਂ ‘ਤੇ ਔਰਤਾਂ ਦਾ ਕਤਲ ਕਰਨ ਦਾ ਸਾਹਸ ਦਿੰਦਾ ਹੈ। ਦੂਜਾ ਸ਼ਬਦਾਂ ਵਿੱਚ ਕਹੀਏ ਤਾਂ ਇਨ੍ਹਾਂ ਅਣਮਨੁੱਖੀ ਕਤਲਾਂ ਨੂੰ ਕਾਨੂੰਨੀ ਸੁਰੱਖਿਆ ਮਿਲੀ ਹੋਈ ਹੈ। ਜਿਹੜਾ ਸਮਾਜ ਆਪਣੀ ਨੌਜਵਾਨ ਪੀੜ੍ਹੀ ਨੂੰ ਆਪਣੀ ਜ਼ਿੰਦਗੀ ਬਾਰੇ ਤੱਕ ਫੈਸਲੇ ਲੈਣ ਦੀ ਇਜ਼ਾਜਤ ਨਹੀਂ ਦੇਂਦਾ, ਜਿੱਥੇ ਪਰਿਵਾਰਾਂ ਵਿੱਚ ਪੁਰਾਣੀ ਪੀੜ੍ਹੀ ਅਤੇ ਮਰਦਾਂ ਦੀ ਨਿਰੰਕੁਸ਼ ਮਨਮਰਜੀ ਅੱਜ ਵੀ ਕਾਇਮ ਹੈ, ਜਿਸ ਸਮਾਜ ਵਿੱਚ ਰੂੜੀਆਂ-ਪ੍ਰੰਪਰਾਵਾਂ ਦੀ ਮਜ਼ਬੂਤ ਬੰਧੇਜ਼ ਅੱਜ ਵੀ ਕਾਇਮ ਹੈ ਉਹ ਸਮਾਜ ਪੂੰਜੀਵਾਦੀ ਸਮਾਜ ਦੇ ਹਰ ਤਰ੍ਹਾਂ ਦੇ ਅਨਿਆਂ ਨੂੰ ਪ੍ਰਵਾਨ ਕਰਨ ਲਈ ਸਰਾਪਿਆ ਹੋਇਆ ਹੈ। ਦਰਅਸਲ ‘ਅਣਖ’ ਦੇ ਨਾਂ ‘ਤੇ ਕਤਲਾਂ ਦਾ ਇਹ ਅਣਮਨੁੱਖੀ ਵਰਤਾਰਾ ਉਨ੍ਹਾਂ ਦੇਸ਼ਾਂ ਵਿੱਚ ਹੀ ਵਧੇਰੇ ਹੈ ਜਿੱਥੇ ਬਿਨਾਂ ਕਿਸੇ ਜਮਹੂਰੀ ਇਨਕਲਾਬ ਤੋਂ, ਧੀਮੇ ਸੁਧਾਰਾਂ ਦੀ ਇੱਕ ਕ੍ਰਮਵਾਰ ਪ੍ਰਕਿਰਿਆ ਜ਼ਰੀਏ ਸਰਮਾਏਦਾਰੀ ਵਿਕਾਸ ਹੋਇਆ ਹੈ। ਇਨ੍ਹਾਂ ਦੇਸ਼ਾਂ ਵਿੱਚ ਸਰਮਾਏਦਾਰੀ ਪੈਦਾਵਾਰੀ ਸਬੰਧ ਤਾਂ ਕਾਇਮ ਹੋਏ ਹਨ ਪਰ ਇਹ ਸਰਮਾਏਦਾਰੀ ਯੂਰੋਪੀ ਦੇਸ਼ਾਂ ਵਾਂਗ ਇੱਥੇ ਜਮਹੂਰੀ ਕਦਰਾਂ ਕੀਮਤਾਂ ਨਾਲ਼ ਲੈ ਕੇ ਨਹੀਂ ਆਈ। ਸਮਾਜੀ-ਸੱਭਿਆਚਾਰਕ ਧਰਾਤਲ ਉੱਪਰ ਇੱਥੇ ਅੱਜ ਵੀ ਜਗੀਰੂ ਕਦਰਾਂ ਕੀਮਤਾਂ ਦੀ ਜਕੜ ਬੇਹੱਦ ਮਜ਼ਬੂਤ ਹੈ। ਇਨ੍ਹਾਂ ਦੇਸ਼ਾਂ (ਭਾਰਤ ਵੀ ਇਨ੍ਹਾਂ ‘ਚੋਂ ਇੱਕ) ਦੇ ਸਮਾਜੀ ਸੱਭਿਆਚਾਰਕ ਤਾਣ-ਬਾਣੇ ਵਿੱਚ ਗੈਰ-ਜਮਹੂਰੀ ਕਦਰਾਂ ਕੀਮਤਾਂ ਮਜ਼ਬੂਤੀ ਨਾਲ਼ ਰਚੀਆਂ-ਵਸੀਆਂ ਹੋਈਆਂ ਹਨ। ਇਸੇ ਕਾਰਨ ਇੱਥੇ ਵਿਅਕਤੀਗਤ ਅਜ਼ਾਦੀ ਅਤੇ ਨਿੱਜਤਾ ਜਿਹੇ ਸੰਕਲਪਾਂ ਨੂੰ ਕੋਈ ਥਾਂ ਨਹੀਂ ਹੈ। ਵਿਅਕਤੀ ਦੇ ਜੀਵਨ ਦੇ ਹਰ ਫੈਸਲੇ ਵਿੱਚ ਸਮਾਜ ਦਖ਼ਲ ਦਿੰਦਾ ਹੈ। ਭਾਵੇਂ ਉਹ ਪਿਆਰ ਦਾ ਸਵਾਲ ਹੋਵੇ, ਵਿਆਹ ਦਾ, ਕਿੱਤਾ ਚੁਣਨ ਜਾਂ ਕੋਈ ਵੀ ਹੋਰ। ਇਸ ਸਮੱਸਿਆ ਦਾ ਹੱਲ ਵਰਤਮਾਨ ਸਰਮਾਏਦਾਰੀ ਨਿਜ਼ਾਮ ਦੀ ਮੁੱਢੋ-ਸੁੱਢੋਂ ਤਬਦੀਲੀ ਨਾਲ਼ ਜੁੜਿਆ ਹੋਇਆ ਅਤੇ ਇੱਥੇ ਇੱਕ ਪ੍ਰਚੰਡ ਤੂਫਾਨੀ ਸੱਭਿਆਚਾਰਕ ਇਨਕਲਾਬ ਦੀ ਲੋੜ ਹੈ। ਇਸ ਸੱਭਿਆਚਾਰਕ ਇਨਕਲਾਬ ਦੀ ਪ੍ਰਕਿਰਿਆ ਨੂੰ ਸਰਮਾਏਦਾਰੀ ਨਿਜ਼ਾਮ ਨੂੰ ਬਦਲਣ ਦੀ ਪ੍ਰਕਿਰਿਆ ਦੌਰਾਨ ਵੀ ਚਲਾਉਣਾ ਹੋਵੇਗਾ ਅਤੇ ਨਵੇਂ ਨਿਜ਼ਾਮ ਦੀ ਸਥਾਪਤੀ ਤੋਂ ਬਾਅਦ ਵੀ। “ਲਲਕਾਰ – ਤਬਦੀਲੀ ਪਸੰਦ ਨੌਜਵਾਨਾਂ ਵਿਦਿਆਰਥੀਆਂ ਦੀ ਮੈਗਜ਼ੀਨ”, ਅੰਕ 1, ਫਰਵਰੀ 2012 ਵਿਚ ਪ੍ਰਕਾਸ਼ਿਤ