ਕੰਦੀਲ ਦੇ ਕਤਲ ਤੋਂ ਬਾਅਦ ਮਾਪਿਆਂ ਨੇ ਫਰੋਲਿਆ ਦੁੱਖ, ਕਿਹਾ- ਕਾਤਲ ਪੁੱਤ ਨੂੰ ਮਾਰ ਦਿਓ ਗੋਲੀ ਇਸਲਾਮਾਬਾਦ— ਸੋਸ਼ਲ ਮੀਡੀਆ ਦਾ ਲੋਕਪ੍ਰਿਅ ਚਿਹਰਾ ਅਤੇ ਪਾਕਿਸਤਾਨ ਦੀ ਮਸ਼ਹੂਰ ਮਾਡਲ ਕੰਦੀਲ ਬਲੋਚ ਦਾ ਉਸ ਦੇ ਹੀ ਭਰਾ ਵਲੋਂ ਕਤਲ ਕਰ ਦਿੱਤਾ ਗਿਆ। ਕੰਦੀਲ ਦੇ ਕਤਲ ਤੋਂ ਬਾਅਦ ਉਸ ਦੇ ਮਾਤਾ-ਪਿਤਾ ਨੇ ਇਕ ਇੰਟਰਵਿਊ ਦੌਰਾਨ ਆਪਣਾ ਦੁੱਖ ਫਰੋਲਿਆ ਅਤੇ ਕਿਹਾ ਕਿ ਉਨ੍ਹਾਂ ਦੀ ਬੇਟੀ ਦਾ ਕਤਲ ਕਰਨ ਵਾਲੇ ਉਨ੍ਹਾਂ ਦੇ ਬੇਟੇ ਨੂੰ ਗੋਲੀ ਮਾਰ ਦੇਣੀ ਚਾਹੀਦੀ ਹੈ। ਕੰਦੀਲ ਦੇ ਪਿਤਾ ਨੇ ਕਿਹਾ ਕਿ ਉਨ੍ਹਾਂ ਦੀ ਬੇਟੀ ਉਨ੍ਹਾਂ ਦੀ ਸਭ ਤੋਂ ਚੰਗੀ ਦੋਸਤ ਸੀ। ਉੱਥੇ ਹੀ ਕੰਦੀਲ ਦੀ ਮਾਂ ਨੇ ਕਿਹਾ ਕਿ ਉਨ੍ਹਾਂ ਦੀ ਬੇਟੀ ਆਪਣੀ ਸਾਰੀਆਂ ਨਿਜੀ ਗੱਲਾਂ ਮੇਰੇ ਨਾਲ ਸਾਂਝੀਆਂ ਕਰਦੀ ਸੀ। ਉਨ੍ਹਾਂ ਕਿਹਾ ਕਿ ਉਹ ਕਹਿੰਦੀ ਸੀ ਕਿ ਤੁਹਾਡੀ ਬੇਟੀ ਕਾਫੀ ਮਿਹਨਤ ਕਰ ਰਹੀ ਹੈ ਅਤੇ ਉਹ ਕਾਫੀ ਅੱਗੇ ਤੱਕ ਜਾਵੇਗੀ। ਕੰਦੀਲ ਦੇ ਪਿਤਾ ਨੇ ਕਿਹਾ ਕਿ ਮੈਂ ਕਹਿਣਾ ਚਾਹਾਂਗਾ ਕਿ ਮੇਰੀ ਬੇਟੀ ਦੇ ਕਾਤਲ ਨੂੰ ਗੋਲੀ ਮਾਰ ਦੇਣੀ ਚਾਹੀਦੀ ਹੈ। ਉਸ ਨੇ ਮੇਰੀ ਬੱਚੀ ਦਾ ਗਲਾ ਘੁੱਟ ਦਿੱਤਾ। ਕੰਦੀਲ ਦੇ ਮਾਤਾ-ਪਿਤਾ ਨੇ ਦੱਸਿਆ ਕਿ ਕੰਦੀਲ ਨੂੰ ਮੌਤ ਦੀ ਨੀਂਦ ਸੁਆਉਣ ਤੋਂ ਪਹਿਲਾਂ ਸਾਨੂੰ ਵੀ ਨਸ਼ੀਲੀ ਦਵਾਈ ਦੇ ਕੇ ਬੇਹੋਸ਼ ਕੀਤਾ ਗਿਆ ਸੀ। ਮਾਂ ਨੇ ਕਿਹਾ ਕਿ ਮੈਂ ਅਤੇ ਮੇਰੇ ਪਤੀ ਨੇ ਦੁੱਧ ਪੀਤਾ ਸੀ, ਉਸ 'ਚ ਨਸ਼ੀਲੀ ਦਵਾਈ ਮਿਲਾਈ ਗਈ ਸੀ ਅਤੇ ਅਸੀਂ ਗੂੜੀ ਨੀਂਦ ਸੌਂ ਗਏ। ਜਿਸ ਤੋਂ ਬਾਅਦ ਕੰਦੀਲ ਦੀ ਗਲਾ ਘੁੱਟ ਕੇ ਕਤਲ ਕਰ ਦਿੱਤਾ ਗਿਆ। ਸਵੇਰੇ ਜਦੋਂ ਕੰਦੀਲ ਨੂੰ ਨਾਸ਼ਤੇ ਲਈ ਆਵਾਜ਼ ਦਿੱਤੀ ਤਾਂ ਉਹ ਨਹੀਂ ਉੱਠੀ। ਕੰਦੀਲ ਦੀ ਲਾਸ਼ ਬਾਰੇ ਮਾਂ ਨੇ ਦੱਸਿਆ ਕਿ ਉਸ ਦੇ ਪੂਰੇ ਚਿਹਰੇ 'ਤੇ ਸੱਟਾਂ ਦੇ ਨਿਸ਼ਾਨ ਸਨ। ਉਸ ਦੀ ਜ਼ੁਬਾਨ ਅਤੇ ਬੁੱਲ੍ਹ ਕਾਲੇ ਪੈ ਗਏ ਸਨ। ਜ਼ਿਕਰਯੋਗ ਹੈ ਕਿ ਬੀਤੀ 14 ਜੁਲਾਈ ਨੂੰ ਕੰਦੀਲ ਬਲੋਚ ਦੇ ਭਰਾ ਵਸੀਮ ਨੇ ਗਲਾ ਘੁੱਟ ਕੇ ਉਸ ਦਾ ਕਤਲ ਕਰ ਦਿੱਤਾ। ਉਹ ਕੰਦੀਲ ਵਲੋਂ ਸੋਸ਼ਲ ਮੀਡੀਆ 'ਤੇ ਬੋਲਡ ਤਸਵੀਰਾਂ ਅਤੇ ਵੀਡੀਓ ਪੋਸਟ ਕਰਨ ਨੂੰ ਲੈ ਕੇ ਪਰੇਸ਼ਾਨ ਸੀ। ਕੰਦੀਲ ਦੇ ਭਰਾ ਵਸੀਮ ਨੇ ਆਪਣਾ ਜ਼ੁਰਮ ਕਬੂਲ ਕੀਤਾ ਹੈ ਅਤੇ ਉਸ ਨੇ ਕਿਹਾ ਕਿ ਪਰਿਵਾਰ ਦੀ ਇੱਜ਼ਤ ਲਈ ਉਸ ਨੇ ਕੰਦੀਲ ਦਾ ਕਤਲ ਕੀਤਾ।